ਪੰਜਾਬ ਤੋਂ ਰਾਜ ਸਭਾ ਚੋਣਾਂ ਲਈ ਖ਼ਾਲੀ ਹੋ ਰਹੀਆਂ 5 ਰਾਜ ਸਭਾ ਸੀਟਾਂ ਲਈ ਨਾਮਜ਼ਦਗੀਆਂ ਦਾ ਅੱਜ ਆਖ਼ਰੀ ਦਿਨ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੇ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 22 ਮਾਰਚ ਨੂੰ ਹੋਵੇਗੀ। 24 ਮਾਰਚ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾਣਗੀਆਂ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੇ 117 ਵਿਚੋਂ 92 ਸੀਟਾਂ ’ਤੇ ਜਿੱਤ ਹਾਸਿਲ ਕੀਤੀ ਹੈ ਜਿਸ ਕਾਰਨ ਰਾਜ ਸਭਾ ਦੀਆਂ ਸਾਰੀਆਂ 5 ਸੀਟਾਂ ’ਤੇ ਉਨ੍ਹਾਂ ਦੇ ਉਮੀਦਵਾਰ ਬਣਨਾ ਤੈਅ ਹੈ ।
ਦੱਸ ਦੇਈਏ ਕਿ ਪੰਜਾਬ ਤੋਂ ਰਾਜ ਸਭਾ ਲਈ 3 ਨਾਮ ਚਰਚਾ ਵਿੱਚ ਹਨ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਹਾਲੇ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਇਨ੍ਹਾਂ ਨਾਵਾਂ ਵਿੱਚ ਪਹਿਲਾ ਨਾਂ ਕ੍ਰਿਕਟਰ ਹਰਭਜਨ ਸਿੰਘ ਦਾ ਹੈ, ਜੋ ਕੁੱਝ ਮਹੀਨੇ ਪਹਿਲਾਂ ਹੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ । CM ਭਗਵੰਤ ਮਾਨ ਵੱਲੋਂ ਵੀ ਉਨ੍ਹਾਂ ਦੇ ਸਮਰਥਨ ਕੀਤਾ ਗਿਆ ਹੈ, ਕਿਉਂਕਿ ਉਹ ਹਰਭਜਨ ਸਿੰਘ ਨੂੰ ਸਪੋਰਟਸ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਵੀ ਸੌਂਪਣਾ ਚਾਹੁੰਦੇ ਹਨ । ਇਸ ਤੋਂ ਬਾਅਦ ਦੂਜਾ ਨਾਮ ਦਿੱਲੀ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ ਦਾ ਹੈ। ਉਨ੍ਹਾਂ ਦੀ ਰਣਨੀਤੀ ਸਦਕਾ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਵੱਡੀ ਜਿੱਤ ਮਿਲੀ। ਇਸ ਤੋਂ ਬਾਅਦ ਤੀਜਾ ਨਾਂ IIT ਦਿੱਲੀ ਦੇ ਪ੍ਰੋਫ਼ੈਸਰ ਸੰਦੀਪ ਪਾਠਕ ਦਾ ਹੈ।
ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਨਾਮ ਤੈਅ ਮੰਨੇ ਜਾ ਰਹੇ ਹਨ, ਪਰ ਵਿਰੋਧੀਆਂ ਵੱਲੋਂ ਇਸ ‘ਤੇ ਸਵਾਲ ਚੁੱਕੇ ਜਾ ਰਹੇ ਹਨ । ਵਿਰੋਧੀਆਂ ਦਾ ਕਹਿਣਾ ਹੈ ਕਿ ਰਾਜ ਸਭਾ ਲਈ ਉਮੀਦਵਾਰ ਪੰਜਾਬੀ ਹੀ ਹੋਣੇ ਚਾਹੀਦੇ ਹਨ। ਪੰਜਾਬ ਦੇ ਕੋਟੇ ਤੋਂ ਦੂਜੇ ਰਾਜਾਂ ਦੇ ਨੇਤਾ ਨਹੀਂ ਭੇਜੇ ਜਾਣੇ ਚਾਹੀਦੇ।