Site icon SMZ NEWS

ਮੋਗਾ : ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਮਾਂ ਦਾ 17 ਸਾਲਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਪੰਜਾਬ ਸਰਕਾਰ ਦੇ ਸੂਬੇ ਅੰਦਰੋਂ ਨਸ਼ਾ ਖ਼ਤਮ ਦੇ ਦਾਅਵੇ ਬਿਲਕੁਲ ਖੋਖਲੇ ਸਾਬਿਤ ਹੋ ਰਹੇ ਹਨ। ਨਿਤ ਦਿਨ ਹੀ ਨਸ਼ੇ ਨੇ ਕਿੰਨੀਆਂ ਮਾਵਾਂ ਦੀਆਂ ਕੁੱਖਾਂ, ਭੈਣਾਂ ਦੇ ਭਰਾ ਤੇ ਔਰਤਾਂ ਦੇ ਸੁਹਾਗ ਉਜਾੜ ਕੇ ਰੱਖ ਦਿੱਤੇ ਹਨ। ਹੁਣ ਮੋਗੇ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ 17 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।

ਮ੍ਰਿਤਕ ਦੇ ਦਾਦੇ ਛਿੰਦਾ ਮਸੀਹ ਨੇ ਕਿਹਾ ਕਿ ਉਨ੍ਹਾਂ ਦਾ ਪੋਤਾ ਰਾਤ ਸਾਧਾਂਵਾਲੀ ਬਸਤੀ ‘ਚ ਰਹਿਣ ਵਾਲੇ ਬਿੱਲਾ ਨਾਮੀ ਨੌਜਵਾਨ ਕੋਲ ਗਿਆ ਸੀ ਜਿੱਥੇ ਉਸਨੇ ਓਵਰਡੋਜ਼ ਟੀਕਾ ਲਗਾ ਲਿਆ ਅਤੇ ਮੌਕੇ ਉੱਤੇ ਮੌਤ ਹੋ ਗਈ। ਜਦੋਂ ਸਾਨੂੰ ਘਟਨਾ ਦਾ ਪਤਾ ਚੱਲਿਆ ਤਾਂ ਮੇਰੇ ਪੋਤਿਆਂ ਨੇ ਉਸ ਨੂੰ ਚੁੱਕ ਘਰ ਲਿਆਂਦਾ ਇੰਨੇ ਨੂੰ ਮੇਰੇ ਪੋਤੇ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਨੌਜਵਾਨ ਦੀ ਮਾਂ ਨੇ ਵੀ ਦੋਸ਼ ਲਗਾਇਆ ਹੈ ਕਿ ਬੀਤੀ ਦਿਨੀਂ ਉਸ ਦਾ ਪੁੱਤ ਘਰੋਂ ਬੂਟ ਲੈਣ ਗਿਆ ਸੀ ਰਸਤੇ ਵਿਚ ਕੁਝ ਨੌਜਵਾਨ ਉਸ ਨੂੰ ਆਪਣੇ ਨਾਲ ਲੈ ਗਏ ਤੇ ਫਿਰ ਨਸ਼ੇ ਦਾ ਟੀਕਾ ਦੇ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਦੀ ਮੰਗ ਹੈ ਕਿ ਅਜਿਹਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ।ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜੀ। ਪੁਲਿਸ ਵੱਲੋਂ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਇਸ ਨਸ਼ੇ ਦੇ ਤਸਕਰਾਂ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ ਤਾਂ ਜੋ ਮੋਗੇ ਵਿੱਚ ਨੌਜਵਾਨਾਂ ਨੂੰ ਇਸ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ ।

Exit mobile version