ਕੇਰਲ ਵਿੱਚ ਫੁਟਬਾਲ ਮੈਚ ਦੇ ਦੌਰਾਨ ਇੱਕ ਵੱਡਾ ਹਾਦਸਾ ਹੋ ਗਿਆ। ਮਲਪੁਰਮ ਜ਼ਿਲ੍ਹੇ ਦੇ ਵੰਦੂਰ ਵਿੱਚ ਫੁਟਬਾਲ ਸਟੇਡੀਅਮ ਦੀ ਗੈਲਰੀ ਡਿੱਗ ਗਈ। ਇਸ ਵਿੱਚ ਲਗਭਗ 200 ਲੋਕ ਜ਼ਖਮੀ ਹੋ ਗਏ। 5 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਦੋਂ ਹਾਦਸਾ ਹੋਇਆ ਉਦੋਂ ਗੈਲਰੀ ‘ਤੇ 2 ਹਜ਼ਾਰ ਤੋਂ ਵੱਧ ਲੋਕ ਮੌਜੂਦ ਸਨ।
ਇਹ ਹਾਦਸਾ ਬੀਤੀ ਰਾਤ 9 ਵਜੇ ਹੋਇਆ। ਲੋਕ ਦੋ ਸਥਾਨਕ ਟੀਮਾਂ ਵਿਚਾਲੇ ਫੁਟਬਾਲ ਮੁਕਾਬਲਾ ਦੇਖਣ ਪਹੁੰਚੇ ਸਨ। ਸਥਾਕਨ ਲੋਕਾਂ ਦਾ ਦੋਸ਼ ਹੈ ਕਿ ਆਯੋਜਕਾਂ ਨੇ ਗੈਲਰੀ ਪੂਰੀ ਤਰ੍ਹਾਂ ਭਰ ਜਾਣ ਤੋਂ ਬਾਅਦ ਵੀ ਦਰਸ਼ਕਾਂ ਦੇ ਆਉਣ-ਜਾਣ ‘ਤੇ ਰੋਕ ਨਹੀਂ ਲਾਈ, ਜਿਸ ਕਰਕੇ ਇਹ ਹਾਦਸਾ ਹੋ ਗਿਆ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਕੇਰਲ ਦੇ ਇੱਕ ਨਿਊਜ਼ ਚੈਨਲ ਮੁਤਾਬਕ ਫੁਟਬਾਲ ਮੈਚ ਕਲਿਕਾਵੂ ਦੇ ਪੂੰਗੋਡ ਸਥਿਤ ਐੱਲ.ਪੀ. ਸਕੂਲ ਗ੍ਰਾਊਂਡ ਵਿੱਚ ਹੋ ਰਿਹਾ ਸੀ। ਇਹ ਆਲ ਇੰਡੀਆ ਸੇਵੇਂਸ ਫੁਟਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸੀ। ਮਲੱਪੁਰਮ ਜ਼ਿਲ੍ਹੇ ਦਾ ਇਹ ਕਾਫੀ ਮੰਨਿਆ-ਪ੍ਰਮੰਨਿਆ ਫੁਟਬਾਲ ਟੂਰਨਾਮਂਟ ਹੈ। ਜਿਸ ਦਰਸ਼ਕਾਂ ਦੀ ਗੈਲਰੀ ਵਿੱਚ ਇਹ ਹਾਦਸਾ ਹੋਇਆ, ਉਥੇ ਉਸ ਵੇਲੇ ਫੁਟਬਾਲ ਮੈਚ ਦੇਖਣ ਲਈ 2000 ਤੋਂ ਵੱਧ ਲੋਕ ਮੌਜੂਦ ਸਨ।