Site icon SMZ NEWS

ਪੰਜਾਬ ‘ਚ ਵਧਦੀ ਗਰਮੀ ਨੇ ਤੋੜਿਆ 52 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਪੰਜਾਬ ਵਿੱਚ ਮਾਰਚ ਮਹੀਨੇ ਵਿੱਚ ਹੀ ਮੌਸਮ ਨੇ ਕਰਵਟ ਲੈ ਲਈ ਹੈ। ਪੰਜਾਬ ਵਿੱਚ ਪੈ ਰਹੀ ਗਰਮੀ ਨੇ ਮਾਰਚ ਦੇ ਮਹੀਨੇ ਵਿੱਚ ਹੀ ਵੱਟ ਕੱਢ ਦਿੱਤੇ ਹਨ। ਮਾਰਚ ਮਹੀਨੇ ਤੋਂ ਹੀ ਪੈ ਰਹੀ ਗਰਮੀ ਨੇ 52 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਦਿਨ ਸਮੇਂ ਤੇਜ਼ ਧੁੱਪ ਨਿਕਲਣ ਕਰਕੇ ਪਾਰਾ ਦਿਨੋਂ-ਦਿਨ ਵਧਦਾ ਸ਼ੁਰੂ ਹੋ ਗਿਆ ਹੈ। ਇਸ ਵਾਰ ਮਾਰਚ ਮਹੀਨੇ ਦੌਰਾਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਜ਼ਿਆਦਾ ਚੱਲ ਰਿਹਾ ਹੈ।

Punjab weather report

ਜੇਕਰ ਇੱਥੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਗਰਮੀ ਦਾ ਕਹਿਰ ਜਾਰੀ ਹੈ। ਬੀਤੇ ਦਿਨ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੋਂ ਜ਼ਿਆਦਾ ਸੀ ਜਿਸ ਨੇ ਪਿਛਲੇ 52 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਲੁਧਿਆਣਾ ਦੇ ਨਾਲ-ਨਾਲ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵੀ ਤਾਪਮਾਨ 30 ਤੋਂ 35 ਡਿਗਰੀ ਰਿਕਾਰਡ ਕੀਤਾ ਗਿਆ ਹੈ।

ਇਸ ਸਬੰਧੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਤੋਂ ਪਹਿਲਾਂ ਮਾਰਚ ਮਹੀਨੇ ਅੰਦਰ ਇਸ ਕਦਰ ਗਰਮੀ ਕਦੇ ਵੀ ਨਹੀਂ ਪਈ। ਇਹ ਗਰਮੀ ਨਾ ਸਿਰਫ਼ ਲੋਕਾਂ ਦਾ ਜਿਊਣਾ ਮੁਹਾਲ ਕਰ ਰਹੀ ਹੈ, ਸਗੋਂ ਗਰਮੀ ਦਾ ਫਸਲਾਂ ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਮਾਰਚ ਵਿੱਚ ਵੱਧ ਤੋਂ ਵੱਧ ਤਾਪਮਾਨ 1 ਤੋਂ 2 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਗਰਮੀ ਦਾ ਕਹਿਰ ਵੱਧ ਸਕਦਾ ਹੈ। ਦੁਪਹਿਰ ਸਮੇਂ ਪੰਜਾਬ ਦੇ ਲੋਕਾਂ ਨੂੰ ਲੂ ਦੇ ਕਹਿਰ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

Punjab weather report

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਹੈ ਕਿ ਸੂਬੇ ਵਿੱਚ ਤਾਪਮਾਨ ਲਗਾਤਾਰ ਵਧ ਰਿਹਾ ਹੈ ਤੇ ਪੂਰਾ ਉੱਤਰ ਭਾਰਤ ਇਸ ਦੀ ਲਪੇਟ ਵਿੱਚ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਅੰਦਰ ਗਰਮੀ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਇੱਕ ਹਫ਼ਤੇ ਤੱਕ ਮੌਸਮ ਇਸੇ ਤਰ੍ਹਾਂ ਰਹੇਗਾ ।

Exit mobile version