ਪੰਜਾਬ ਵਿੱਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆ ਚੁੱਕੀ ਹੈ। ਮੁੱਖ ਮੰਤਰੀ ਮਾਨ ਤੋਂ ਬਾਅਦ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਕੈਬਨਿਟ ਦੇ ਸਹੁੰ ਚੁੱਕ ਸਮਾਗਮ ਤੋਂ ਵਿਰੋਧੀ ਧਿਰ ਦੇ ਲਗਭਗ ਸਾਰੇ ਨੇਤਾ ਗਾਇਬ ਰਹੇ।
ਹਾਲਾਂਕਿ ਕਾਂਗਰਸ ਸਾਂਸਦ ਮੁਹੰਮਦ ਸਦੀਕ ਇਨ੍ਹਾਂ ਦੋਹਾਂ ਮੌਕਿਆਂ ‘ਤੇ ਮੌਜੂਦ ਰਹੇ। ਇਸ ‘ਤੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਸਨ ਕਿ ਕਿਤੇ ਉਹ ਵੀ ਆਮ ਆਦਮੀ ਪਾਰਟੀ ਵਿੱਚ ਤਾਂ ਸ਼ਾਮਲ ਨਹੀਂ ਹੋ ਰਹੇ। ਇਸ ‘ਤੇ ਸਿੱਦੀਕੀ ਨੇ ਜਵਾਬ ਦਿੱਤਾ ਕਿ ਮੈਨੂੰ ਬੁਲਾਇਆ ਗਿਆ ਸੀ ਮੈਂ ਇਸ ਲਈ ਆਇਆ ਸੀ।
ਫਰੀਦਕੋਟ ਤੋਂ ਕਾਂਗਰਸ ਦੇ ਸਾਂਸਦ ਮੁਹੰਮਦ ਸਦੀਕ ਨੇ ਕਿਹਾ ਕਿ ਮੈਂ ਤੇ ਭਗਵੰਤ ਮਾਨ ਨੇ ਸੰਸਦ ਤੋਂ ਲੈ ਕੇ ਸਟੇਜ ਤੱਕ ਕਈ ਜਗ੍ਹਾ ‘ਤੇ ਕੰਮ ਕੀਤਾ ਹੈ। ਮੈਂ ਮੰਤਰੀ ਮੰਡਲ ਨੂੰ ਸ਼ੁਭਕਾਮਨਾਵਾ ਦਿੰਦਾ ਹਾਂ।
ਨਾਲ ਹੀ ਉਨ੍ਹਾਂ ਕਿਹਾ ਕਿ ਸ਼ੱਕ ਦੀ ਕੋਈ ਦਵਾਈ ਨਹੀਂ ਹੁੰਦੀ। ਲੋਕ ਇਹ ਨਾ ਸਮਝਣ ਕਿ ਮੈਂ ਆਮ ਆਦਮੀ ਪਾਰਟੀ ਵਿੱਚ ਜਾ ਰਿਹਾ ਹਾਂ। ਰਹੀ ਗੱਲ ਕਾਂਗਰਸ ਦੇ ਆਪਸੀ ਝਗੜੇ ਦੀ ਤਾਂ ਇਹ ਜਿਥੇ ਹੁੰਦਾ ਹੈ, ਉਥੇ ਤਰੱਕੀ ਨਹੀਂ ਹੋ ਸਕਦੀ। ਕਾਂਗਰਸ ਸਾਂਸਦ ਨੇ ਕਿਹਾ ਕਿ ਆਪਸੀ ਝਗੜੇ ਨੂੰ ਲੈ ਕੇ ਕਾਂਗਰਸ ਹਾਈਕਮਾਨ ਨੂੰ ਫੈਸਲਾ ਲੈਣਾ ਹੋਵੇਗਾ।
Comment here