ਕਾਨੂੰਨੀ ਖੇਤਰ ਵਿੱਚ ਮੰਨੀ-ਪ੍ਰਮੰਨੀ ਸ਼ਖਸੀਅਤ ਅਨਮੋਲ ਰਤਨ ਸਿੱਧੂ ਨੇ ਅੱਜ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਐਡਵੋਕੇਟ ਜਨਰਲ ਅਨਮੋਲ ਸਿੱਧੂ ਨੇ ਅਹੁਦਾ ਸੰਭਾਲਦਿਆਂ ਹੀ ਕਿਹਾ ਕਿ ਉਹ ਸਿਰਫ 1 ਰੁਪਿਆ ਤਨਖਾਹ ਲੈਣਗੇ ਤੇ ਬਾਕੀ ਪੈਸਾ ਨਸ਼ਾ ਪੀੜਤਾਂ ਨੂੰ ਦਾਨ ਕਰਨਗੇ।
ਅਨਮੋਲ ਰਤਨ ਸਿੱਧੂ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰਖਦੇ ਹਨ। ਉਨ੍ਹਾਂ ਦਾ ਜਨਮ 1 ਮਈ 1958 (ਮਜ਼ਦੂਰ ਦਿਵਸ) ਨੂੰ ਹੋਇਆ ਸੀ। ਪਿੰਡ ਦੇ ਸਕੂਲ ਤੋਂ ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ ਸਿੱਧੂ 1975 ਵਿੱਚ ਚੰਡੀਗੜ੍ਹ ਚਲੇ ਗਏ ਅਤੇ ਸਰਕਾਰੀ ਕਾਲਜ ਸੈਕਟਰ-11, ਚੰਡੀਗੜ੍ਹ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ। ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਹਾਸਲ ਕਰਨ ਪਿੱਛੋ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਇੱਥੋਂ ਹੀ ਐਲ.ਐਲ.ਐਮ. ਅਤੇ ਪੀ.ਐਚ.ਡੀ. (ਕਾਨੂੰਨ) ਦੀ ਡਿਗਰੀ ਵੀ ਹਾਸਲ ਕੀਤੀ।

ਅਨਮੋਲ ਸਿੱਧੂ 1978-79 ਵਿੱਚ ਸਰਕਾਰੀ ਕਾਲਜ ਸੈਕਟਰ 11, ਚੰਡੀਗੜ੍ਹ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਅਤੇ ਸਾਲ 1981-82 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਦੇ ਵੀ ਰਹੇ। ਇਸ ਤੋਂ ਬਾਅਦ, ਉਹ 1990 ਤੋਂ ਲਗਾਤਾਰ (12 ਸਾਲ) ਲਈ ਸੈਨੇਟ ਅਤੇ ਸਿੰਡੀਕੇਟ ਦੇ ਚੁਣੇ ਹੋਏ ਮੈਂਬਰ ਵਜੋਂ ਸੇਵਾ ਨਿਭਾਈ ਅਤੇ 2003-04 ਵਿੱਚ ਡੀਨ ਫੈਕਲਟੀ ਆਫ਼ ਲਾਅ ਵਜੋਂ ਵੀ ਕੰਮ ਕੀਤਾ।
ਉਨ੍ਹਾਂ ਨੇ 1985 ਵਿੱਚ ਕਾਨੂੰਨੀ ਪੇਸ਼ੇ ਦੀ ਸ਼ੁਰੂਆਤ ਕੀਤੀ। 1993 ਵਿੱਚ ਸਿੱਧੂ ਡਿਪਟੀ ਐਡਵੋਕੇਟ ਜਨਰਲ, ਪੰਜਾਬ ਵਜੋਂ ਨਿਯੁਕਤ ਹੋਏ ਅਤੇ 2005 ਤੱਕ ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਈ। ਉਨ੍ਹਾਂ ਨੇ ਵਧੀਕ ਐਡਵੋਕੇਟ ਜਨਰਲ (ਪੰਜਾਬ ਅਤੇ ਹਰਿਆਣਾ) ਦੇ ਅਹੁਦੇ ‘ਤੇ ਰਹਿੰਦਿਆਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਆਏ ਕਈ ਅਤਿ ਸੰਵੇਦਨਸ਼ੀਲ ਸਰਕਾਰੀ ਅਤੇ ਨਿੱਜੀ ਮਾਮਲਿਆਂ ਨੂੰ ਸੰਵਿਧਾਨਕ, ਫੌਜ਼ਦਾਰੀ, ਸਿਵਲ, ਸੇਵਾ ਅਤੇ ਜ਼ਮੀਨੀ ਮਾਮਲਿਆਂ ਨੂੰ ਆਪਣੀ ਕਾਨੂੰਨੀ ਸੂਝ-ਬੂਝ ਨਾਲ ਨਜਿੱਠਿਆ।

ਸਾਲ 2007 ਵਿੱਚ ਇੱਕ ਸੀਨੀਅਰ ਵਕੀਲ ਵਜੋਂ ਵਕਾਲਤ ਸ਼ੁਰੂ ਕੀਤੀ ਅਤੇ ਸਾਲ 2008 ਤੋਂ 2014 ਤੱਕ ਭਾਰਤ ਦੇ ਸਹਾਇਕ ਸੌਲਿਸੀਟਰ ਜਨਰਲ ਵਜੋਂ ਸੇਵਾ ਨਿਭਾਈ। ਸਿੱਧੂ ਇਸੇ ਕਾਰਜਕਾਲ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੀ.ਬੀ.ਆਈ. ਦੇ ਵਿਸ਼ੇਸ਼ ਸਰਕਾਰੀ ਵਕੀਲ ਵੀ ਰਹੇ।
Comment here