ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ 23 ਤੋਂ 27 ਮਾਰਚ ਤੱਕ ਪ੍ਰਸਤਾਵਿਤ ਪ੍ਰੋਗਰਾਮ ਜਸ਼ਨ-ਏ-ਬਹਾਰਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮ ਦੇ ਆਯੋਜਨ ‘ਤੇ ਸਵਾਲ ਉਠਾਏ ਸਨ ਤੇ ਇਸ ਨੂੰ ਸਿੱਖ ਧਰਮ ਦੇ ਖਿਲਾਫ ਦੱਸਿਆ ਸੀ ਤੇ ਰੱਦ ਕਰਨ ਦੀ ਅਪੀਲ ਕੀਤੀ ਸੀ। ਪ੍ਰਾਜੈਕਟ ਮੈਨੇਜਮੈਂਟ ਯੂਨਿਟ ਸ੍ਰੀ ਕਰਤਾਰਪੁਰ ਕਾਰੀਡੋਰ ਨੇ ਰਿਵਿਊ ਤੋਂ ਬਾਅਦ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ।
ਜ਼ਿਕਰਯੋਗ ਹੈ ਕਿ 23 ਤੋਂ 27 ਮਾਰਚ ਤੱਕ ਕਰਤਾਰਪੁਰ ਸਾਹਿਬ ਵਿੱਚ ਜਸ਼ਨ-ਏ-ਬਹਾਰਾਂ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਰਿਹਾ ਸੀ। ਇਸ ਵਿੱਚ 23 ਮਾਰਚ ਨੂੰ ਪਾਕਿਸਤਾਨ ਡੇ ਸੇਲੀਬ੍ਰੇਸ਼ਨ, 24 ਨੂੰ ਸੂਫੀ ਮਿਊਜ਼ਿਕ ਈਵਨਿੰਗ, 25 ਮਾਰਚ ਨੂੰ ਕੱਵਾਲੀ ਨਾਈਟ, 26 ਨੂੰ ਕਲਚਰ ਡੇ ਤੇ 27 ਨੂੰ ਫੈਮਿਲੀ ਡੇ ਦਾ ਆਯੋਜਨ ਕੀਤਾ ਜਾ ਰਿਹਾ ਸੀ। ਐੱਸ.ਜੀ.ਪੀ.ਸੀ. ਨੇ ਇਸ ਪ੍ਰੋਗਰਾਮ ‘ਤੇ ਇਤਰਾਜ਼ ਪ੍ਰਗਟਾਇਆ ਸੀ।
ਐੱਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਐੱਚ.ਐੱਸ. ਧਾਮੀ ਨੇ ਕਿਹਾ ਸੀ ਕਿ ਗਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਇਥੇ ਬਿਤਾਇਆ ਸੀ। ਉਹ ਅਜਿਹੇ ਪ੍ਰੋਗਰਾਮਾਂ ਦੇ ਆਯੋਜਨਾਂ ਨੂੰ ਗਲਤ ਕਹਿੰਦੇ ਰਹੇ। ਅਜਿਹੇ ਪ੍ਰੋਗਰਾਮ ਆਯੋਜਿਤ ਕਰਨਾ ਗੁਰਮਤਿ ਦੇ ਖਿਲਾਫ ਹੈ। ਉਨ੍ਹਾਂ ਇਸ ਮਾਮਲੇ ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਖਲ ਦੇਣ ਲਈ ਕਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਕਰਤਾਰਪੁਰ ਸਾਹਿਬ ਪ੍ਰਬੰਧਕਾਂ ਨੇ ਐਸ.ਜੀ.ਪੀ.ਸੀ. ਦੀ ਗੱਲ ਮੰਨ ਲਈ।