ਇਮਰਾਨ ਖਾਨ ਸਰਕਾਰ ਲਈ ਬੁਰਾ ਸਮਾਂ ਸ਼ੁਰੂ ਹੋ ਚੁੱਕਾ ਹੈ ਤੇ ਉਹ ਕੁਝ ਦਿਨਾਂ ਦੀ ਮਹਿਮਾਨ ਹੈ। ਇਹ ਦਾਅਵਾ ਸਰਕਾਰ ਵਿਚ ਸ਼ਾਮਲ ਪਾਕਿਸਤਾਨੀ ਮੁਸਲਿਮ ਲੀਗ-ਕਾਇਦ ਦੇ ਚੀਫ ਚੌਧਰੀ ਪਰਵੇਜ਼ ਇਲਾਹੀ ਨੇ ਕਿਤਾ ਹੈ। ਇਲਾਹੀ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਇਹ ਸਰਕਾਰ 100 ਫੀਸਦੀ ਮੁਸ਼ਕਲ ਵਿਚ ਹੈ ਤੇ ਹੁਣ ਇਸ ਨੂੰ ਬਚਾਉਣਾ ਬਹੁਤ ਮੁਸ਼ਕਲ ਹੈ। ਜੇਕਰ ਪ੍ਰਧਾਨ ਮੰਤਰੀ ਖੁਦ ਜਾ ਕੇ ਆਪਣੇ ਸਾਂਸਦਾਂ ਨੂੰ ਮਨਾ ਲੈਂਦੇ ਹਨ ਤਾਂ ਸ਼ਾਇਦ ਸਰਕਾਰ ਕੁਝ ਦਿਨ ਚੱਲ ਜਾਏ ਵਰਨਾ ਇਸ ਦਾ ਡਿੱਗਣਾ ਤੈਅ ਹੈ।
ਪਾਕਿਸਤਾਨ ਵਿਚ ਵਿਰੋਧੀ ਪਾਰਟੀ ਇਮਰਾਨ ਸਰਕਾਰ ਖਿਲਾਫ ਨੋ ਕਾਂਫੀਡੈਂਸ ਮੋਸ਼ਨ ਲਿਆ ਚੁੱਕਾ ਹੈ। ਇਸ ‘ਤੇ 28 ਮਾਰਚ ਨੂੰ ਵੋਟਿੰਗ ਹੋਣੀ ਹੈ। ਖਬਰਾਂ ਮੁਤਾਬਕ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਲਗਭਗ 18 ਤੋਂ 20 ਸਾਂਸਦ ਆਪਣੀ ਹੀ ਸਰਕਾਰ ਖਿਲਾਫ ਵੋਟਿੰਗ ਕਰਨ ਵਾਲੇ ਹਨ।
ਚੌਧਰੀ ਪ੍ਰਵੇਸ਼ ਇਲਾਹੀ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਨੇਤਾਵਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਉਹ ਪੰਜਾਬ ਸੂਬੇ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੀ ਪਾਰਟੀ ਦੇ 5 ਸਾਂਸਦ ਇਸ ਸਮੇਂ ਇਮਰਾਨ ਸਰਕਾਰ ਨੂੰ ਸਮਰਥਨ ਦੇ ਰਹੇ ਹਨ। ਪੰਜਾਬ ਸੂਬੇ ਵਿਚ ਇਸ ਸਮੇਂ ਇਮਰਾਨ ਦੀ ਪਾਰਟੀ ਦੀ ਸਰਕਾਰ ਹੈ ਅਤੇ ਇਥੇ ਵੀ ਇਲਾਹੀ ਦੇ ਕੁਝ ਵਿਧਾਇਕ ਸਰਕਾਰ ਨੂੰ ਸਮਰਥਨ ਦੇ ਰਹੇ ਹਨ। ਇਹ ਵੀ ਚਰਚਾ ਹੈ ਕਿ ਇਮਰਾਨ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਦੀ ਕੁਰਸੀ ਵੀ ਜਾਣਾ ਤੈਅ ਹੈ।