ਰੂਸ-ਯੂਕਰੇਨ ਜੰਗ ਦਾ ਅੱਜ 21ਵਾਂ ਦਿਨ ਹੈ। ਰੂਸ ਲਗਾਤਾਰ ਯੂਕਰੇਨੀ ਸ਼ਹਿਰਾਂ ਵਿਚ ਰਿਹਾਇਸ਼ੀ ਇਲਾਕਿਆਂ ‘ਤੇ ਬੰਬਾਰੀ ਕਰ ਰਿਹਾ ਹੈ। ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ‘ਚ ਰੂਸੀ ਹਮਲੇ ‘ਚ ਹੁਣ ਤੱਕ ਘੱਟ ਤੋਂ ਘੱਟ 500 ਨਾਗਰਿਕ ਮਾਰੇ ਜਾ ਚੁੱਕੇ ਹਨ। ਸ਼ਹਿਰ ਦੀ ਐਮਰਜੈਂਸੀ ਸਰਵਿਸਿਜ਼ ਏਜੰਸੀ ਨੇ ਅੰਕੜਾ ਜਾਰੀ ਕਰਦੇ ਹੋਏ ਕਿਹਾ ਕਿ ਮੌਤ ਦਾ ਅੰਕੜਾ ਅਜੇ ਹੋਰ ਵਧ ਸਕਦਾ ਹੈ।
ਰਿਪੋਰਟ ਮੁਤਾਬਕ ਰੂਸ ਤੇ ਯੂਕਰੇਨ ਵਿਚ ਜਲਦ ਯੁੱਧ ਵਿਰਾਮ ਹੋ ਸਕਦਾ ਹੈ। ਦੋਵੇਂ ਦੇਸ਼ ਇੱਕ ਸਮਝੌਤੇ ਦੇ ਨੇੜੇ ਪਹੁੰਚ ਗਏ ਹਨ। ਇਸ ਵਿਚ ਯੂਕਰੇਨ ਦੀ ਸਰਕਾਰ ਰੂਸ ਨੂੰ ਭਰੋਸਾ ਦਿਵਾਏਗੀ ਕਿ ਉਹ ਨਾਟੋ ਵਿਚ ਸ਼ਾਮਲ ਨਹੀਂ ਹੋਵੇਗਾ। ਉਸਨੂੰ ਆਪਣੇ ਹਥਿਆਰਾਂ ਦੀ ਲਿਮਟ ਵੀ ਤੈਅ ਕਰਨੀ ਹੋਵੇਗੀ। ਦੂਜੇ ਪਾਸੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਮਤਲਬ ICJ ਨੇ ਰੂਸ ਤੋਂ ਯੂਕਰੇਨ ‘ਤੇ ਫੌਰਨ ਹਮਲੇ ਬੰਦ ਕਰਨ ਨੂੰ ਕਿਹਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਅੱਜ ਅਮਰੀਕੀ ਸੰਸਦ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਵਿਚ ਜੇਲੇਂਸਕੀ ਨੇ ਕਿਹਾ ਕਿ ਮੈਂ ਅਮਰੀਕੀ ਰਾਸ਼ਟਰਪਤੀ ਤੋਂ ਗੁਜ਼ਾਰਿਸ਼ ਕਰਾਂਗਾ ਕਿ ਉਨ੍ਹਾਂ ਦਾ ਦੇਸ਼ ਦੁਨੀਆ ਦੀ ਅਗਵਾਈ ਤਾਂ ਕਰਦਾ ਹੀ ਹੈ, ਇਸ ਦੇ ਨਾਲ ਹੀ ਉਨ੍ਹਾਂ ਨੂੰ ਸ਼ਾਂਤੀ ਕਾਇਮ ਕਰਨ ਵਾਲੀਆਂ ਤਾਕਤਾਂ ਦਾ ਵੀ ਲੀਡਰ ਬਣਨਾ ਚਾਹੀਦਾ ਹੈ। ਜੇਲੇਂਸਕੀ ਜਿਵੇਂ ਹੀ ਸਕ੍ਰੀਨ ‘ਤੇ ਆਏ ਤਾਂ ਸਾਰੇ ਸਾਂਸਦਾ ਸੀਟ ਤੋਂ ਉਠ ਗਏ ਤੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ।