ਰੂਸ ਅਤੇ ਯੂਕਰੇਨ ਵਿਚਾਲੇ 21ਵੇਂ ਦਿਨ ਵੀ ਜਾਰੀ ਹੈ । ਜ਼ਮੀਨ ‘ਤੇ ਦੋਹਾਂ ਹੀ ਦੇਸ਼ਾਂ ਦੀਆਂ ਫੌਜਾਂ ਇੱਕ-ਦੂਜੇ ਖਿਲਾਫ਼ ਲਗਾਤਾਰ ਮੁਕਾਬਲਾ ਕਰ ਰਹੀਆਂ ਹਨ। ਪਰ ਇਸ ਤਣਾਅਪੂਰਨ ਮਾਹੌਲ ਦੇ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਯੂਕਰੇਨ ਨਾਟੋ ਵਿੱਚ ਸ਼ਾਮਿਲ ਨਹੀਂ ਹੋ ਸਕਦਾ। ਉਨ੍ਹਾਂ ਨੇ ਉੱਥੇ ਦੇ ਲੋਕਾਂ ਨੂੰ ਇਸ ਤੱਥ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ।
ਹੁਣ ਜ਼ੇਲੇਂਸਕੀ ਦੇ ਇਸ ਬਿਆਨ ਨੂੰ ਜੰਗ ਦੇ ਵਿਚਕਾਰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਯੁੱਧ ਦੀ ਸ਼ੁਰੂਆਤ ਤੋਂ ਹੀ ਰੂਸ ਲਗਾਤਾਰ ਕਹਿ ਰਿਹਾ ਸੀ ਕਿ ਯੂਕਰੇਨ ਕਿਸੇ ਵੀ ਕੀਮਤ ‘ਤੇ ਨਾਟੋ ਵਿੱਚ ਸ਼ਾਮਿਲ ਨਹੀਂ ਹੋਵੇਗਾ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਖੁਦ ਕਈ ਮੌਕਿਆਂ ‘ਤੇ ਚੇਤਾਵਨੀਆਂ ਜਾਰੀ ਕੀਤੀਆਂ ਸਨ। ਅਜਿਹੇ ਵਿੱਚ ਹੁਣ ਜ਼ੇਲੇਂਸਕੀ ਦਾ ਇਸ ਮੁੱਦੇ ‘ਤੇ ਨਰਮ ਪੈਣਾ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ। ਵੈਸੇ, ਰੂਸ ਨਾਲ ਪਹਿਲੀ ਵਾਰਤਾ ਦੌਰਾਨ ਵੀ ਰਾਸ਼ਟਰਪਤੀ ਜ਼ੇਲੇਂਸਕੀ ਨੇ ਇਸ ਮੁੱਦੇ ‘ਤੇ ਆਪਣਾ ਰੁਖ ਬਦਲ ਲਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਨਾਟੋ ਵਿੱਚ ਸ਼ਾਮਿਲ ਹੋਣ ‘ਤੇ ਜ਼ਿਆਦਾ ਜ਼ੋਰ ਨਹੀਂ ਦੇ ਰਹੇ ਹਨ । ਅਜਿਹੇ ਵਿੱਚ ਹੁਣ ਜਦੋਂ ਜੰਗ ਦੇ 20 ਦਿਨ ਬਾਅਦ ਉਹ ਮੁੜ ਆਪਣੇ ਦੇਸ਼ ਦੇ ਸਾਹਮਣੇ ਅਜਿਹਾ ਬਿਆਨ ਦੇ ਰਹੇ ਹਨ ਤਾਂ ਇਸ ਦੇ ਕਈ ਵੱਡੇ ਅਰਥ ਕੱਢੇ ਜਾ ਰਹੇ ਹਨ।
ਜੇਕਰ ਇੱਥੇ ਰੂਸ-ਯੂਕਰੇਨ ਜੰਗ ਦੀ ਗੱਲ ਕਰੀਏ ਤਾਂ ਇਹ ਪਿਛਲੇ 20 ਦਿਨਾਂ ਤੋਂ ਲਗਾਤਾਰ ਜਾਰੀ ਹੈ। ਯੂਕਰੇਨ ਨੇ ਮਜ਼ਬੂਤੀ ਨਾਲ ਆਪਣੇ ਦੇਸ਼ ਦਾ ਬਚਾਅ ਕੀਤਾ ਹੈ, ਪਰ ਰੂਸ ਦੇ ਹਮਲਿਆਂ ਨੇ ਕਈ ਮੌਕਿਆਂ ‘ਤੇ ਯੂਕਰੇਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਹੁਣ ਰੂਸ ਰਾਜਧਾਨੀ ਕੀਵ ਵੱਲ ਵਧ ਰਿਹਾ ਹੈ ਅਤੇ ਉਂਥੇ ਉਸ ਦੇ ਪਾਸਿਓਂ ਬੰਬਾਰੀ ਸ਼ੁਰੂ ਕਰ ਦਿੱਤੀ ਗਈ ਹੈ। ਰੂਸ ਵੱਲੋਂ ਕੀਵ ‘ਤੇ ਕਬਜ਼ਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪਰ ਰਾਸ਼ਟਰਪਤੀ ਜ਼ੇਲੇਨਸਕੀ ਹਾਰ ਮੰਨਣ ਲਈ ਤਿਆਰ ਨਹੀਂ ਹਨ, ਉਹ ਇੱਕ ਵਾਰ ਲਈ ਨਾਟੋ ਦੇ ਮੁੱਦੇ ‘ਤੇ ਝੁਕਦੇ ਦਿਖਾਈ ਦੇ ਰਹੇ ਹਨ ਪਰ ਸਮਰਪਣ ਕਰਨ ਦੇ ਮੂਡ ਵਿੱਚ ਨਹੀਂ ਹਨ।
ਦੱਸ ਦੇਈਏ ਕਿ ਅਜਿਹੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਕੀਵ ਦੇ ਮੇਅਰ ਨੇ ਵੀ ਸਾਰੇ ਪੁਰਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਰਾਜਧਾਨੀ ਪਰਤਣ ਅਤੇ ਆਪਣੇ ਦੇਸ਼ ਲਈ ਲੜਨ । ਯੂਕਰੇਨ ਪਹਿਲਾਂ ਹੀ ਆਪਣੇ ਨਾਗਰਿਕਾਂ ਨੂੰ ਹਥਿਆਰ ਦੇਣ ਦੀ ਗੱਲ ਕਰ ਚੁੱਕਿਆ ਹੈ। ਇਸ ਖਤਰੇ ਦੇ ਵਿਚਕਾਰ ਪੂਰੇ ਦੇਸ਼ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਯੂਕਰੇਨ ਦੇ ਹਮਲੇ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਜਾ ਸਕੇ।
Comment here