ਭਾਰਤ ਨੇ ਰੂਸ ਤੇ ਯੂਕਰੇਨ ਵਿਚ ਦੁਸ਼ਮਣੀ ਨੂੰ ਖਤਮ ਕਰਨ ਲਈ ਦੋਵੇਂ ਦੇਸ਼ਾਂ ਨੂੰ ਸਿੱਧੇ ਸੰਪਰਕ ਤੇ ਗੱਲਬਾਤ ਦਾ ਰੁਖ਼ ਅਪਨਾਉਣ ਲਈ ਕਿਹਾ। ਸੰਯੁਕਤ ਰਾਸ਼ਟਰ ਵਿਚ ਭਾਰਤ ਨੇ ਕਿਹਾ ਕਿ ਸਾਡਾ ਹਮੇਸ਼ਾ ਤੋਂ ਮਾਸਕੋ ਤੇ ਕੀਵ ਦੋਵਾਂ ਨਾਲ ਸੰਪਰਕ ਰਿਹਾ ਹੈ ਤੇ ਬਣਿਆ ਰਹੇਗਾ। ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਅਗਵਾਈ ਕਰਨ ਵਾਲੇ ਆਰ ਰਵਿੰਦਰ ਨੇ ਕਿਹਾ ਕਿ ਭਾਰਤ ਯੂਐੱਨ ਚਾਰਟਰ, ਕੌਮਾਂਤਰੀ ਕਾਨੂੰਨ ਦੇ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦਾ ਹੈ।
ਰਵਿੰਦਰ ਨੇ ਕਿਹਾ ਕਿ ਭਾਰਤ ਯੂਕਰੇਨ ਵਿਚ ਸਾਰੀਆਂ ਦੁਸ਼ਮਣੀਆਂ ਨੂੰ ਛੇਤੀ ਖਤਮ ਕਰਨ ਦਾ ਸੱਦਾ ਦਿੰਦਾ ਹੈ। ਸਾਡੇ ਪ੍ਰਧਾਨ ਮੰਤਰੀ ਨੇ ਵਾਰ-ਵਾਰ ਤਤਕਾਲ ਯੁੱਧ ਵਿਰਾਮ ਦਾ ਸੱਦਾ ਦਿੱਤਾ ਹੈ। ਇਸ ਵਿਵਾਦ ਦਾ ਹੱਲ ਲੱਭਣ ਲਈ ਗੱਲਬਾਤ ਤੇ ਕੂਟਨੀਤੀ ਤੋਂ ਇਲਾਵਾ ਕੋਈ ਦੂਜਾ ਰਸਤਾ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਹਿੰਸਾ ਤੁਰੰਤ ਬੰਦ ਹੋਣੀ ਚਾਹੀਦੀ ਹੈ ਤੇ ਦੋਵੇਂ ਪੱਖਾਂ ਨੂੰ ਸ਼ਾਂਤੀ ਦਾ ਤਰੀਕਾ ਅਪਨਾਉਣਾ ਚਾਹੀਦਾ ਹੈ।
ਯੂਕਰੇਨ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ‘ਤੇ ਚਿੰਤਾ ਜ਼ਾਹਿਰ ਕਰਦਿਆਂ ਰਵਿੰਦਰ ਨੇ ਕਿਹਾ ਕਿ ਭਾਰਤ ਨੇ ਯੂਕਰੇਨ ‘ਚ ਸੰਘਰਸ਼ ਦੇ ਖੇਤਰਾਂ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਤਤਕਾਲ ਕਦਮ ਚੁੱਕੇ। ਹੁਣ ਤੱਕ ਲਗਭਗ 22,500 ਭਾਰਤੀਆਂ ਨੂੰ ਘਰ ਪਹੁੰਚਾ ਦਿੱਤਾ ਗਿਆ।
ਉਨ੍ਹਾਂ ਨੇ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਦੀ ਨਿਕਾਸੀ ਵਿਚ ਮਦਦ ਲਈ ਪੋਲੈਂਡ ਤੇ ਹੋਰ ਦੇਸ਼ਾਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਓਐੱਸਸੀਈ ਯੂਕਰੇਨ ਵਿਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ ਪਰ ਹੁਣੇ ਜਿਹੇ ਵਾਪਰੀਆਂ ਘਟਨਾਵਾਂ ਤੇ ਇਸ ਦੇ ਨਤੀਜਿਆਂ ਕਾਰਨ ਸੁਰੱਖਿਆ ਸਥਿਤੀ ਵਿਚ ਆਈ ਗਿਰਾਵਟ ਨੇ ਵਿਸ਼ੇਸ਼ ਨਿਗਰਾਨੀ ਮਿਸ਼ਨ ਦੇ ਕੰਮਕਾਜ ਨੂੰ ਰੋਕ ਦਿੱਤਾ ਹੈ। ਰੂਸ ਨੇ 24 ਫਰਵਰੀ ਨੂੰ ਯੂਕਰੇਨ ਉਤੇ ਹਮਲੇ ਦੀ ਸ਼ੁਰੂਆਤ ਕੀਤੀ ਸੀ।
Comment here