ਅੱਜ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ 20ਵਾਂ ਦਿਨ ਹੈ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਹੁਣ ਤੱਕ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਜੰਗ ਖਤਮ ਕਰਨ ਲਈ ਸਹਿਮਤੀ ਨਹੀਂ ਬਣ ਰਹੀ ਹੈ। ਲੰਬੇ ਸਮੇਂ ਤੋਂ ਚੱਲ ਰਹੇ ਯੁੱਧ ਦੇ ਵਿਚਕਾਰ ਰੂਸ ਦਾ ਫੌਜੀ ਸਾਜ਼ੋ-ਸਾਮਾਨ ਅਤੇ ਗੋਲਾ-ਬਾਰੂਦ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਅਮਰੀਕਾ ਦੇ ਇੱਕ ਸਾਬਕਾ ਫ਼ੌਜੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਰੂਸ ਕੋਲ ਸਿਰਫ਼ 10 ਦਿਨਾਂ ਦਾ ਗੋਲਾ-ਬਾਰੂਦ ਬਚਿਆ ਹੈ। ਇਸ ਦੇ ਨਾਲ ਹੀ ਯੂਕਰੇਨ ਬਨਾਮ ਰੂਸ ਮਾਮਲੇ ‘ਚ ਅੰਤਰਰਾਸ਼ਟਰੀ ਅਦਾਲਤ 16 ਮਾਰਚ ਨੂੰ ਆਪਣਾ ਫੈਸਲਾ ਸੁਣਾ ਸਕਦੀ ਹੈ।
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਵਾਰ ਫਿਰ ਕਰਫਿਊ ਲਗਾ ਦਿੱਤਾ ਗਿਆ ਹੈ। ਇਹ ਕਰਫਿਊ 15 ਮਾਰਚ ਦੀ ਰਾਤ 8 ਵਜੇ ਤੋਂ 17 ਮਾਰਚ ਨੂੰ ਸਵੇਰੇ 7 ਵਜੇ ਤੱਕ ਲਾਗੂ ਰਹੇਗਾ। ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਕਿਹਾ ਕਿ ਬੰਬ ਧਮਾਕਿਆਂ ਤੋਂ ਬਚਣ ਲਈ ਨਾਗਰਿਕਾਂ ਨੂੰ ਬੰਕਰਾਂ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖੇਰਸਨ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਚੈੱਕ ਗਣਰਾਜ, ਪੋਲੈਂਡ ਅਤੇ ਸਲੋਵੇਨੀਆ ਦੇ ਪ੍ਰਧਾਨ ਮੰਤਰੀ ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਕੀਵ ਦਾ ਦੌਰਾ ਕਰਨਗੇ। ਤਿੰਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਯੂਰਪੀਅਨ ਯੂਨੀਅਨ ਦੇ ਪ੍ਰਤੀਨਿਧੀ ਵਜੋਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਮੁਲਾਕਾਤ ਕਰਨਗੇ।
ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਰੂਸ ਵੱਲੋਂ ਜ਼ੋਰਦਾਰ ਹਮਲੇ ਕੀਤੇ ਗਏ ਹਨ। ਦੂਜੇ ਪਾਸੇ ਯੂਕਰੇਨ ਵੀ ਇਸ ਹਮਲੇ ਦਾ ਸਖ਼ਤ ਜਵਾਬ ਦੇ ਰਿਹਾ ਹੈ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਯੂਕਰੇਨ ਦੇ ਸੈਨਿਕਾਂ ਦੁਆਰਾ ਕੀਤੀ ਗੋਲੀਬਾਰੀ ਵਿੱਚ ਇੱਕ ਗੈਸ ਪਾਈਪਲਾਈਨ ਨੂੰ ਨੁਕਸਾਨ ਪਹੁੰਚਿਆ ਹੈ। ਯੂਕਰੇਨ ਦੇ ਕਈ ਹਿੱਸਿਆਂ ‘ਤੇ ਰੂਸੀ ਫੌਜਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਲੁਹਾਨਸਕ ਓਬਲਾਸਟ ਦੇ ਗਵਰਨਰ ਨੇ ਕਿਹਾ ਹੈ ਕਿ ਰੂਸੀ ਫੌਜ ਦੇ ਹਮਲਿਆਂ ਵਿੱਚ ਤਿੰਨ ਸਕੂਲ ਅਤੇ ਇੱਕ ਹਸਪਤਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਸ ਤੋਂ ਇਲਾਵਾ ਚਾਰ ਲੋਕਾਂ ਦੀ ਵੀ ਮੌਤ ਹੋ ਗਈ।