ਉੱਤਰ ਪ੍ਰਦੇਸ਼ ਸਣੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਹਾਈਕਮਾਨ ਦੀ ਐਤਵਾਰ ਨੂੰ ਸ਼ਾਮ ਚਾਰ ਵਜੇ ਬੈਠਕ ਹੋਵੇਗੀ। ਸੀ.ਡਬਲਿਊ.ਸੀ. ਦੀ ਇਹ ਮੀਟਿੰਗ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਹੋਵੇਗੀ।
ਪੰਜ ਰਾਜਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਨੂੰ ਵੇਖਦੇ ਹੋਏ ਇਹ ਬੈਠਕ ਬਹੁਤ ਹੀ ਅਹਿਮ ਮੰਨੀ ਜਾ ਰਹੀ ਹੈ। ਸੂਤਰਾਂ ਮੁਤਾਬਕ ਸੰਗਠਨਾਤਮਕ ਚੋਣਾਂ ਸਤੰਬਰ ਵਿਚ ਹੋਣੀਆਂ ਹਨ ਪਰ ਲੀਡਰਸ਼ਿਪ ਨੂੰ ਲੈ ਕੇ ਉਠਦੇ ਸਵਾਲਾਂ ਦੇ ਵਿਚਾਲੇ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਸਮੇਂ ਤੋਂ ਪਹਿਲਾਂ ਕਰਵਾਇਆ ਜਾ ਸਕਦਾ ਹੈ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕਾਂਗਰਸ ਦੇ ਅਸੰਤੁਸ਼ਟ ਧੜੇ ਜੀ-23 ਦੇ ਕੁਝ ਨੇਤਾਵਾਂ ਨੇ ਸ਼ੁੱਕਰਵਾਰ ਰਾਤ ਨੂੰ ਬੈਠਕ ਕੀਤੀ ਸੀ।
ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਦੇ ਘਰ ਹੋਈ ਇਸ ਬੈਠਕ ਵਿੱਚ ਮਨੀਸ਼ ਤਿਵਾਰੀ ਤੇ ਹੋਰ ਨੇਤਾ ਸ਼ਾਮਲ ਹੋਏ ਸਨ। ਉੱਤਰ ਪ੍ਰਦੇਸ਼, ਪੰਜਾਬ, ਗੋਆ ਤੇ ਮਣੀਪੁਰ ਵਿੱਚ ਕਾਂਗਰਸ ਕੋਈ ਖਾਸ ਕਮਾਲ ਨਹੀਂ ਕਰ ਸਕੀ ਹੈ। ਦੂਜੇ ਪਾਸੇ ਪੰਜਾਬ ਵਿੱਚ ਉਸ ਨੇ ਮਾੜੇ ਪ੍ਰਦਰਸ਼ਨ ਨਾਲ ਸੱਤਾ ਗੁਆ ਦਿੱਤੀ ਹੈ।
ਉੱਤਰ ਪ੍ਰਦੇਸ਼ ਵਿੱਚ ਪ੍ਰਿਯੰਕਾ ਗਾਂਧੀ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਸੀ ਪਰ ਕਾਂਗਰਸ ਸਿਰਫ ਦੋ ਸੀਟਾਂ ਹੀ ਜਿੱਤ ਸਕੀ। ਰਾਹੁਲ ਗਾਂਧੀ ਨੇ ਪੂਰੇ ਯੂਪੀ ਚੋਣਾਂ ਵਿੱਚ ਬਹੁਤ ਘੱਟ ਪ੍ਰਚਾਰ ਕੀਤਾ। ਉਨ੍ਹਾਂ ਨੂੰ ਰਾਜ ਵਿੱਚ ਸਿਰਫ 2.4 ਫੀਸਦੀ ਵੋਟਾਂ ਮਿਲੀਆਂ। ਯੂਪੀ ਦੀਆਂ 380 ਸੀਟਾਂ ‘ਤੇ ਕਾਂਗਰਸੀ ਉਮੀਦਵਾਰਾਂ ਦੀ ਜਮ਼ਾਨਤ ਤੱਕ ਜ਼ਬਤ ਹੋ ਗਈ।
Comment here