ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ‘ਆਪ’ ਨੇ ਹੂੰਝਾਫੇਰ ਜਿੱਤ ਹਾਸਿਲ ਕਰ ਲਈ ਹੈ। ਹੁਣ ਤੱਕ ਦੇ ਰੁਝਾਨ ਵਿੱਚ ਆਮ ਆਦਮੀ ਪਾਰਟੀ ਨੇ 90 ਤੋਂ ਵੱਧ ਸੀਟਾਂ ‘ਤੇ ਲੀਡ ਬਣਾ ਲਈ ਹੈ। ਭਗਵੰਤ ਮਾਨ ਨੇ ਸੰਗਰੂਰ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਈਮਾਨਦਾਰ ਰਾਜਨੀਤੀ ਦੇ ਪੱਖ ‘ਚ ਫਤਵਾ ਦੇਣ ਲਈ ਪੰਜਾਬ ਦੇ ਸ਼ੁੱਭ ਚਿੰਤਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਾਅਦਾ ਕੀਤਾ ਕਿ ਤੁਸੀਂ ਆਪਣਾ ਫਰਜ਼ ਨਿਭਾਇਆ ਹੈ ਤੇ ਹੁਣ ਮੇਰੀ ਵਾਪਸੀ ਹੈ। ਇੱਕ ਮਹੀਨੇ ਦੇ ਅੰਦਰ-ਅੰਦਰ ਤੁਸੀਂ ਬਦਲਾਅ ਦੇਖਣਾ ਸ਼ੁਰੂ ਕਰ ਦਿਓਗੇ। ਇਸ ਮੌਕੇ ਭਗਵੰਤ ਮਾਨ ਨੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰੀ ਦਫਤਰ ਵਿਚ ਮੁੱਖ ਮੰਤਰੀ ਦੀ ਫੋਟੋ ਨਹੀਂ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਬੀ.ਆਰ.ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਮਾਨ ਨੇ ਕਿਹਾ ਕਿ ‘ਆਪ’ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਏਗੀ ਤੇ ਨਾਲ ਹੀ ਉਨ੍ਹਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਏਗੀ।ਮਾਨ ਨੇ ਐਲਾਨ ਕੀਤਾ ਕਿ ਉਹ ਰਾਜ ਭਵਨ ਦੀ ਬਜਾਏ ਇਤਿਹਾਸਕ ਪਿੰਡ ਖਟਕੜ ਕਲਾਂ ਵਿੱਚ ਆਪਣੇ ਆਗੂਆਂ ਸਮੇਤ ਸਹੁੰ ਚੁੱਕਣਗੇ। ਉਨ੍ਹਾਂ ਕਿਹਾ, ਅਸੀਂ ਜਲਦੀ ਹੀ ਤਰੀਕ ਦਾ ਐਲਾਨ ਕਰਾਂਗੇ। ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਅਸੀਂ ਸ਼ਹੀਦ ਭਗਤ ਸਿੰਘ ਤੋਂ ਅਸ਼ੀਰਵਾਦ ਲਵਾਂਗੇ ਅਤੇ ਫਿਰ ਸਹੁੰ ਚੁੱਕਾਂਗੇ। ਉਨ੍ਹਾਂ ਕਿਹਾ ਕਿ ਸਾਡਾ ਇੱਕੋ-ਇੱਕ ਉਦੇਸ਼ ਵਿਕਾਸ ਹੈ। ਮੈਂ ਇੱਕ ਵੱਡਾ ਖੇਡ ਪ੍ਰੇਮੀ ਹਾਂ। ਅਸੀਂ ਜਲੰਧਰ ਵਿੱਚ ਸਪੋਰਟਸ ਯੂਨੀਵਰਸਿਟੀ ਬਣਾਵਾਂਗੇ।