Site icon SMZ NEWS

‘ਆਪ’ ਹੁਣ ਰਾਸ਼ਟਰੀ ਤਾਕਤ, ਅਰਵਿੰਦ ਕੇਜਰੀਵਾਲ ਇੱਕ ਦਿਨ PM ਜ਼ਰੂਰ ਬਣਨਗੇ : ਰਾਘਵ ਚੱਢਾ

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਦੀ ਬੇਮਿਸਾਲ ਜਿੱਤ ਤੋਂ ਬਾਅਦ ਰਾਘਵ ਚੱਢਾ ਨੇ ਕਿਹਾ ਕਿ ‘ਆਪ’ ਹੁਣ ਕੌਮੀ ਤਾਕਤ ਹੈ। ਅਰਵਿੰਦ ਕੇਜਰੀਵਾਲ ਇੱਕ ਦਿਨ ਪ੍ਰਧਾਨ ਮੰਤਰੀ ਜ਼ਰੂਰ ਬਣਨਗੇ। ਇਹ ਹੁਣ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਵਜੋਂ ਕਾਂਗਰਸ ਦੀ ਜਗ੍ਹਾ ਲਵੇਗੀ।

ਨਤੀਜਿਆਂ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਚੱਢਾ ਨੇ ਕਿਹਾ ਕਿ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਅਰਵਿੰਦ ਕੇਜਰੀਵਾਲ ਨੂੰ ਇਸ ਦਾ ਸਿਹਰਾ ਜਾਂਦਾ ਹੈ। ਆਮ ਆਦਮੀ ਪਾਰਟੀ ਲਈ ਇਹ ਇੱਕ ਯਾਦਗਾਰ ਦਿਨ ਹੈ ਕਿਉਂਕਿ ਅੱਜ ਅਸੀਂ ਇੱਕ ਕੌਮੀ ਪਾਰਟੀ ਬਣ ਗਏ ਹਾਂ। ਅਸੀਂ ਹੁਣ ਇੱਕ ਖੇਤਰੀ ਪਾਰਟੀ ਨਹੀਂ। ਪ੍ਰਮਾਤਮਾ ਸਾਨੂੰ ਤੇ ਅਰਵਿੰਦ ਕੇਜਰੀਵਾਲ ਨੂੰ ਆਸ਼ੀਰਵਾਦ ਦੇਣ। ਆਸ ਹੈ ਕਿ ਉਹ ਇਕ ਦਿਨ ਦੇਸ਼ ਦੀ ਅਗਵਾਈ ਕਰਨਗੇ।ਦੱਸ ਦੇਈਏ ਕਿ ਆਪ ਨੇ ਪੰਜਾਬ ਵਿਚ ਸੱਤਾਧਾਰੀ ਕਾਂਗਰਸ ਨੂੰ ਪਿੱਛੇ ਛੱਡਦੇ ਹੋਏ 117 ਵਿਚੋਂ 92 ਸੀਟਾਂ ਹਾਸਲ ਕੀਤੀਆਂ ਹਨ। ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਦਿੱਗਜ਼ਾਂ ਨੂੰ ਆਪ ਉਮੀਦਵਾਰਾਂ ਨੇ ਪਿੱਛੇ ਛੱਡ ਦਿੱਤਾ ਹੈ। ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦੇ ਸ਼ਾਸਨ ਦੇ ਮਾਡਲ ਨੂੰ ਦੇਖਿਆ ਹੈ ਤੇ ਉਹ ਇਸ ਨੂੰ ਅਜ਼ਮਾਉਣਾ ਚਾਹੁੰਦੇ ਹਨ। ਅਸੀਂ ਜਾਣਦੇ ਹਾਂ ਕਿ ਇਸ ਜਿੱਤ ਦਾ ਸਾਡੇ ਲਈ ਕੀ ਮਤਲਬ ਹੈ। ਅਸੀਂ ਇਸ ਦੀ ਕੀਮਤ ਨੂੰ ਸਮਝਦੇ ਹਾਂ।

Exit mobile version