Site icon SMZ NEWS

ਲੁਧਿਆਣਾ : 20 ਸਾਲਾਂ ‘ਬ੍ਰੇਨ ਡੇੱਡ’ ਮੁੰਡੇ ਦੇ ਮਾਪਿਆਂ ਦਾ ਹੌਂਸਲਾ, ਦਾਨ ਕੀਤੇ ਅੰਗ, ਮੁੰਬਈ ‘ਚ ਧੜਕਿਆ ਦਿਲ

ਇੱਕ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਲੁਧਿਆਣਾ ਦਾ 20 ਸਾਲਾਂ ਯਸ਼ ਪਾਂਡੇ ਜਾਂਦੇ-ਜਾਂਦੇ 4 ਲੋਕਾਂ ਦੀ ਜ਼ਿੰਦਗੀ ਬਦਲ ਗਿਆ। ਪੀਜੀਆਈ ਨੇ ਉਸ ਦਾ ‘ਬ੍ਰੇਨ ਡੈੱਡ’ ਐਲਾਨ ਦਿੱਤਾ ਸੀ। ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਆਪਣੇ ਜਵਾਨ ਬੇਟੇ ਨੂੰ ਗੁਆਉਣ ਦੇ ਬਾਵਜੂਦ ਪਰਿਵਾਰ ਨੇ ਹੌਂਸਲਾ ਵਿਖਾਇਆ, ਜਿਸ ਨਾਲ 4 ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਗਈ। ਪਰਿਵਾਰ ਨੇ ਪੀਜੀਆਈ ਨੂੰ ਆਪਣੇ ਜਵਾਨ ਬੇਟੇ ਦਾ ਦਿਲ, ਕਿਡਨੀ, ਪੈਂਕ੍ਰਿਆਜ਼ ਤੇ ਕਾਰਨੀਆ ਦਾਨ ਕਰ ਦਿੱਤੀ। ਉਸ ਦਾ ਦਿਲ ਮੁੰਬਈ ਦੇ ਇੱਕ ਮਰੀਜ਼ ਨੂੰ ਟਰਾਂਸਪਲਾਂਟ ਕੀਤਾ ਗਿਆ।

ਯਸ਼ ਪ੍ਰੇਮ ਨਗਰ, ਲੁਧਿਆਣਾ ਵਿੱਚ ਪਰਿਵਾਰ ਨਾਲ ਰਹਿੰਦਾ ਸੀ। ਬੀਤੀ 1 ਮਾਰਚ ਨੂੰ ਉਸ ਨੂੰ ਇੱਕ ਤੇਜ਼ ਰਫਤਾਰ ਗੱਡੀ ਨੇ ਟੱਕਰ ਮਾਰ ਦਿੱਤੀ ਸੀ। ਉਸ ਨੂੰ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਯਸ਼ ਨੂੰ ਤੁਰੰਤ ਪੀਜੀਆਈ ਲਿਆਇਆ ਗਿਆ। ਇਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਹ ਰਿਕਵਰ ਨਹੀਂ ਹੋ ਸਕਿਆ ਤੇ ਜ਼ਿੰਦਗੀ ਤੇ ਮੌਤ ਵਿਚਾਲੇ ਫਸਿਆ ਰਿਹਾ। ਉਹ ਠੀਕ ਨਹੀਂ ਹੋ ਸਕਦਾ ਸੀ। ਅਜਿਹੇ ਵਿੱਚ ਡਾਕਟਰਾਂ ਨੇ 3 ਮਾਰਚ ਨੂੰ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਸੀ।

ਬ੍ਰੇਨ ਡੈਥ ਸਰਟੀਫਿਕੇਸ਼ਨ ਕਮੇਟੀ ਵੱਲੋਂ ਸਹਿਮਤੀ ਮਿਲਣ ਤੋਂ ਬਾਅਦ ਪੀਜੀਆਈ ਦੇ ਟਰਾਂਸਪਲਾਂਟ ਕੋਆਰਡੀਨੇਟਰ ਨੇ ਯਸ਼ ਦੇ ਪਿਤਾ ਨੂੰ ਅੰਗਦਾਨ ਦੀ ਬੇਨਤੀ ‘ਤੇ ਵਿਚਾਰ ਕਰਨ ਲਈ ਕਿਹਾ। ਦੁਖ ਦੀ ਇਸ ਘੜੀ ਵਿੱਚ ਪਰਿਵਾਰ ਨੇ ਹੌਂਸਲਾ ਵਿਖਾਇਆ ਤੇ ਆਪਣੀ ਮਨਜ਼ੂਰੀ ਦੇ ਦੱਤੀ। ਯਸ਼ ਦੇ ਪਿਤਾ ਮਨੋਜ ਕੁਮਾਰ ਪਾਂਡੇ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਬੇਟੇ ਦੇ ਠੀਕ ਹੋਣ ਦੀ ਹੁਣ ਕੋਈ ਸੰਭਾਵਨਾ ਨਹੀਂ ਹੈ। ਜੇ ਉਸ ਦੇ ਅੰਗ ਕਿਸੇ ਨੂੰ ਦਾਨ ਮਿਲਦੇ ਹਨ ਤਾਂ ਉਹ ਉਨ੍ਹਾਂ ਲੋਕਾਂ ਦੇ ਰੂਪ ਵਿੱਚ ਜ਼ਿੰਦਾ ਰਹੇਗਾ। ਅਜਿਹੇ ਵਿੱਚ ਉਨ੍ਹਾਂ ਨੇ ਇਹ ਫੈਸਲਾ ਲਿਆ।

Exit mobile version