ਅਮਰੀਕਾ ਯੂਕਰੇਨ ਉੱਤੇ ਹਮਲਾ ਕਰਨ ਵਾਲੇ ਰੂਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਣ ਦੇ ਮੂਡ ਵਿੱਚ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਵਲਾਦੀਮੀਰ ਪੁਤਿਨ ਹੁਣ ਤੱਕ ਤਾਨਾਸ਼ਾਹ ਵਾਂਗ ਪੇਸ਼ ਆਏ ਹਨ ਅਤੇ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।
ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਦੇ ਹੋਏ ਬਾਈਡੇਨ ਨੇ ਸਪੱਸ਼ਟ ਕੀਤਾ ਕਿ ਰੂਸ ‘ਤੇ ਪਾਬੰਦੀਆਂ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕੇਗਾ, ਭਵਿੱਖ ‘ਚ ਵੀ ਇਸ ਦੇ ਖਿਲਾਫ ਸਖਤ ਕਦਮ ਚੁੱਕੇ ਜਾਣਗੇ। ਤਾਂ ਕਿ ਰੂਸੀ ਰਾਸ਼ਟਰਪਤੀ ਨੂੰ ਆਪਣੇ ਗੁਨਾਹ ਦਾ ਅਹਿਸਾਸ ਹੋ ਸਕੇ।
ਆਪਣੇ ਸੰਬੋਧਨ ਵਿੱਚ ਜੋਅ ਬਾਈਡੇਨ ਨੇ ਕਿਹਾ ਕਿ ਅਸੀਂ ਸੰਕਟ ਦੀ ਇਸ ਘੜੀ ਵਿੱਚ ਯੂਕਰੇਨ ਦੇ ਨਾਲ ਹਾਂ। ਅਸੀਂ ਰੂਸੀ ਜਹਾਜ਼ਾਂ ਲਈ ਅਮਰੀਕੀ ਏਅਰ ਸਪੇਸ ਬੰਦ ਕਰ ਦਿੱਤਾ ਹੈ। ਅਸੀਂ ਨਾਟੋ ਦੀ ਜ਼ਮੀਨ ਦੇ ਹਰ ਇੰਚ ਦੀ ਰੱਖਿਆ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਰੂਸ ਯੂਕਰੇਨ ‘ਤੇ ਹਮਲਾ ਕਰ ਰਿਹਾ ਹੈ, ਉਹ ਵਿਸ਼ਵ ਸ਼ਾਂਤੀ ਲਈ ਖਤਰਾ ਹੈ। ਮਾਸਕੋ ਨੇ ਬਿਨਾਂ ਕਿਸੇ ਭੜਕਾਹਟ ਦੇ ਯੂਕਰੇਨ ‘ਤੇ ਹਮਲਾ ਕੀਤਾ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਵਲਾਦੀਮੀਰ ਪੁਤਿਨ ਨੇ ਸੋਚਿਆ ਕਿ ਪੱਛਮੀ ਦੇਸ਼ ਅਤੇ ਨਾਟੋ ਪ੍ਰਤੀਕਿਰਿਆ ਨਹੀਂ ਦੇਣਗੇ। ਉਹ ਯੂਰਪ ਨੂੰ ਵੰਡਣਾ ਚਾਹੁੰਦਾ ਸੀ। ਅਸੀਂ ਇਕੱਠੇ ਹਾਂ ਅਤੇ ਰਹਾਂਗੇ। ਯੂਕਰੇਨ ਨੇ ਰੂਸ ਦੇ ਝੂਠ ਦਾ ਸਾਹਮਣਾ ਸੱਚਾਈ ਨਾਲ ਕੀਤਾ ਹੈ। ਬਾਈਡੇਨ ਨੇ ਕਿਹਾ ਕਿ ਅਮਰੀਕਾ ਦੀ ਫੌਜ ਰੂਸ ਨਾਲ ਟਕਰਾਅ ਨਹੀਂ ਕਰੇਗੀ, ਪਰ ਰੂਸ ਨੂੰ ਮਨਮਾਨੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਰੂਸ ‘ਤੇ ਸਖ਼ਤ ਪਾਬੰਦੀਆਂ ਲਗਾਉਣ ਦੇ ਨਾਲ-ਨਾਲ ਅਸੀਂ ਯੂਕਰੇਨ ਨੂੰ 1 ਬਿਲੀਅਨ ਡਾਲਰ ਦੀ ਮਦਦ ਦੇਵਾਂਗੇ।
ਬਾਈਡੇਨ ਨੇ ਸਖ਼ਤ ਲਹਿਜੇ ‘ਚ ਕਿਹਾ ਕਿ ਰੂਸ ਨੇ ਦੁਨੀਆ ਦੀ ਨੀਂਹ ਹਿਲਾ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਇਹ ਜੰਗ ਲੋਕਤੰਤਰ ਬਨਾਮ ਤਾਨਾਸ਼ਾਹੀ ਦੀ ਹੈ ਅਤੇ ਤਾਨਾਸ਼ਾਹਾਂ ਨੂੰ ਹਮੇਸ਼ਾ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਪੁਤਿਨ ਅੱਜ ਇੰਨੇ ਇਕੱਲੇ ਹੋ ਚੁੱਕੇ ਹਨ, ਜਿੰਨਾ ਪਹਿਲਾਂ ਕਦੇ ਨਹੀਂ ਸਨ। ਅੱਜ 27 ਦੇਸ਼ ਯੂਕਰੇਨ ਦੇ ਨਾਲ ਹਨ। ਰੂਸੀ ਸਟਾਕ ਮਾਰਕੀਟ 40 ਫ਼ੀਸਦੀ ਹੇਠਾਂ ਹੈ, ਇਸਦਾ ਅਰਥਚਾਰਾ ਢਹਿ-ਢੇਰੀ ਹੋ ਜਾਵੇਗਾ। ਬਾਈਡੇਨ ਨੇ ਕਿਹਾ ਕਿ ਅਮਰੀਕਾ ਯੂਰਪੀ ਸੰਘ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਵਿਚ ਰੂਸ ਵਿਚ ਰਾਜ ਕਰ ਰਹੇ ਲੋਕਾਂ ਦੀਆਂ ਕਿਸ਼ਤੀਆਂ, ਉਨ੍ਹਾਂ ਦੇ ਲਗਜ਼ਰੀ ਅਪਾਰਟਮੈਂਟ, ਉਨ੍ਹਾਂ ਦੇ ਪ੍ਰਾਈਵੇਟ ਜੈੱਟ ਯੂਰਪੀ ਸਹਿਯੋਗੀਆਂ ਦਾ ਸਾਥ ਦੇ ਕੇ ਜ਼ਬਤ ਕੀਤੇ ਜਾ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਇਸ ਸਮੇਂ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਪੁਤਿਨ ਵੱਲੋਂ ਯੂਕਰੇਨ ‘ਤੇ ਛੇੜੀ ਗਈ ਜੰਗ ਕਰਕੇ ਰੂਸ ਨੂੰ ਕਮਜ਼ੋਰ ਅਤੇ ਬਾਕੀ ਦੁਨੀਆ ਨੂੰ ਮਜ਼ਬੂਤਦੱਸਿਆ ਜਾਵੇਗਾ। ਬਾਈਡੇਨ ਨੇ ਕਿਹਾ ਕਿ ਜੰਗ ਖੇਤਰ ਵਿੱਚ ਪੁਤਿਨ ਜ਼ਰੂਰ ਅੱਗੇ ਹੋਣਗੇ ਪਰ ਇਸ ਦੇ ਲਈ ਉਨ੍ਹਾਂ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ।