ਰੂਸ ਅਤੇ ਯੂਕਰੇਨ ਵਿਚਾਲੇ ਜੰਗ ਹੁਣ ਸੱਤਵੇਂ ਦਿਨ ਵਿੱਚ ਪਹੁੰਚ ਗਈ ਹੈ । ਜ਼ਮੀਨ ‘ਤੇ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ । ਰਾਜਧਾਨੀ ਕੀਵ ‘ਤੇ ਰੂਸ ਨੇ ਵੱਡੇ ਪੱਧਰ ‘ਤੇ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਜ਼ਾਈਲਾਂ ਰਾਹੀਂ ਕਈ ਇਮਾਰਤਾਂ ਨੂੰ ਖੰਡਰ ਵਿੱਚ ਬਦਲ ਦਿੱਤਾ ਗਿਆ ਹੈ। ਹੁਣ ਵਿਗੜਦੀ ਸਥਿਤੀ ਦੇ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਦੇ ਸਾਹਮਣੇ ਇੱਕ ਸ਼ਰਤ ਰੱਖੀ ਹੈ।
ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਗੱਲਬਾਤ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਉਸ ਦੇ ਪਾਸਿਓਂ ਯੂਕਰੇਨ ਵਿੱਚ ਬੰਬਾਰੀ ਰੋਕ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਗੱਲਬਾਤ ਤੋਂ ਪਹਿਲਾਂ ਰੂਸ ਵੱਲੋਂ ਲੋਕਾਂ ਵਿਰੁੱਧ ਕੀਤੀ ਜਾ ਰਹੀ ਇਸ ਬੰਬਾਰੀ ਨੂੰ ਰੋਕਿਆ ਜਾਵੇ । ਪਹਿਲਾਂ ਇਹ ਬੰਬਾਰੀ ਬੰਦ ਹੋਣੀ ਚਾਹੀਦੀ ਹੈ, ਫਿਰ ਹੀ ਇਸ ਨੂੰ ਗੱਲਬਾਤ ਦੇ ਟੇਬਲ ‘ਤੇ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਸ ਔਖੇ ਸਮੇਂ ਵਿੱਚ ਯੂਕਰੇਨ ਦੀ ਮਦਦ ਕਰਕੇ ਨਾਟੋ ਦੇਸ਼ ਜੰਗ ਵਿੱਚ ਕੁੱਦਣ ਵਾਲੇ ਨਹੀਂ ਹਨ, ਸਗੋਂ ਉਹ ਸੁਰੱਖਿਆ ਵਧਾਉਣ ਲਈ ਹੀ ਕੰਮ ਕਰਨਗੇ।
ਇਸ ਤੋਂ ਇਲਾਵਾ ਜ਼ੇਲੇਂਸਕੀ ਨੇ ਮੰਗ ਕੀਤੀ ਹੈ ਕਿ ਨਾਟੋ ਦੇਸ਼ ਰੂਸ ਲਈ ਨੋ ਫਲਾਇੰਗ ਜ਼ੋਨ ਘੋਸ਼ਿਤ ਕੀਤਾ ਜਾਵੇ ਤਾਂ ਜੋ ਉਸ ਦੇ ਲੜਾਕੂ ਜਹਾਜ਼ਾਂ ਦੀ ਕਾਰਵਾਈ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਜੇਕਰ ਉਨ੍ਹਾਂ ਦਾ ਦੇਸ਼ ਨਾਟੋ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਸਾਰੇ ਦੇਸ਼ਾਂ ਤੋਂ ਸੁਰੱਖਿਆ ਦਾ ਪੱਕਾ ਭਰੋਸਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਲਈ ਸਰਹੱਦ ‘ਤੇ ਸੁਰੱਖਿਆ ਦੀ ਜ਼ਰੂਰਤ ਹੈ, ਸਾਨੂੰ ਆਪਣੇ ਸਾਰੇ ਗੁਆਂਢੀ ਦੇਸ਼ਾਂ ਨਾਲ ਵਿਸ਼ੇਸ਼ ਅਤੇ ਮਜ਼ਬੂਤ ਸਬੰਧਾਂ ਦੀ ਜ਼ਰੂਰਤ ਹੈ ਅਤੇ ਸੁਰੱਖਿਆ ਦੇ ਅਜਿਹੇ ਭਰੋਸੇ ਦੀ ਜ਼ਰੂਰਤ ਹੈ ਜਿੱਥੇ ਕੋਈ ਸਾਡੇ ‘ਤੇ ਹਮਲਾ ਨਾ ਕਰ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਇਸ ਜੰਗ ਵਿੱਚ ਯੂਕਰੇਨ ਦੀ ਹਾਰ ਹੁੰਦੀ ਹੈ, ਜੇਕਰ ਉਹ ਅਸਫਲ ਹੋ ਜਾਂਦਾ ਹੈ ਤਾਂ ਨਾਟੋ ਦੇਸ਼ਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ ਕਿ ਹੁਣ ਰੂਸੀ ਫੌਜ ਵੀ ਉਨ੍ਹਾਂ ਦੇ ਦੇਸ਼ਾਂ ਦੀਆਂ ਸਰਹੱਦਾਂ ‘ਤੇ ਆ ਜਾਵੇਗੀ । ਫਿਰ ਜੋ ਸਵਾਲ ਇਸ ਸਮੇਂ ਯੂਕਰੇਨ ਦੇ ਸਾਹਮਣੇ ਖੜ੍ਹੇ ਹੋ ਰਹੇ ਹਨ, ਉਸੇ ਤਰ੍ਹਾਂ ਨਾਟੋ ਦੇਸ਼ਾਂ ਦੇ ਸਾਹਮਣੇ ਵੀ ਸੁਰੱਖਿਆ ਦੇ ਕਈ ਸਵਾਲ ਖੜ੍ਹੇ ਹੋਣਗੇ।
Comment here