ਚੀਨ ਨੇ ਅਮਰੀਕਾ ਨੂੰ ਖੁੱਲ੍ਹੀ ਧਮਕੀ ਦੇ ਦਿਤੀ ਹੈ। ਰੂਸ-ਯੂਕਰੇਨ ਵਿਚ ਚੀਨ ਦੀ ਨੀਅਤ ਤਾਇਵਾਨ ਨੂੰ ਲੈ ਕੇ ਖਰਾਬ ਹੋ ਰਹੀ ਹੈ। ਚੀਨ ਨੇ ਅਮਰੀਕਾ ਨੂੰ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਤਾਇਵਾਨ ਦਾ ਸਮਰਥਨ ਕਰਨਾ ਬੰਦ ਕਰ ਦਿਓ ਤੇ ਜੇਕਰ ਅਮਰੀਕਾ ਨੇ ਤਾਇਵਾਨ ਦੀ ਆਜ਼ਾਦੀ ਲਈ ਸਮਰਥਨ ਦਿਖਾਇਆ ਤਾਂ ਇਸ ਲਈ ਉਸ ਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਹੁਣੇ ਜਿਹੇ ਸਾਕਾ ਅਮਰੀਕੀ ਰੱਖਿਆ ਅਧਿਕਾਰੀਆਂ ਦੇ ਇੱਕ ਪ੍ਰਤੀਨਿਧੀ ਮੰਡਲ ਨੂੰ ਤਾਇਵਾਨ ਭੇਜਿਆ ਸੀ, ਜਿਸ ਨਾਲ ਚੀਨ ਕਾਫੀ ਨਾਰਾਜ਼ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਤਾਇਵਾਨ ਨੇ ਅਜਿਹੀ ਸੰਭਾਵਨਾ ਵੀ ਪ੍ਰਗਟਾਈ ਸੀ ਕਿ ਚੀਨ ਉਸ ‘ਤੇ ਹਮਲਾ ਕਰ ਸਕਦਾ ਹੈ। ਇਸ ਲਈ ਅਮਰੀਕਾ ਨੇ ਆਪਣਾ ਪ੍ਰਤੀਨਿਧੀ ਮੰਡਲ ਤਾਈਪੇ ਭੇਜਿਆ ਸੀ। ਤਾਇਵਾਨ ਤੇ ਅਮਰੀਕਾ ਦੀਆਂ ਵਧਦੀਆਂ ਨਜ਼ਦੀਕੀਆਂ ਨੂੰ ਦੇ ਕੇ ਚੀਨ ਬੌਖਲਾ ਗਿਆ ਹੈ। ਚੀਨ ਹਮੇਸ਼ਾ ਤੋਂ ਹੀ ਤਾਇਵਾਨ ‘ਤੇ ਆਪਣਾ ਦਬਦਬਾ ਬਣਾਉਣ ਦਾ ਸੁਪਨਾ ਦੇਖਦਾ ਰਿਹਾ ਹੈ।
ਚੀਨ ਨੇ ਪਿਛਲੇ ਕੁਝ ਮਹੀਨਿਆਂ ਵਿਚ ਤਾਇਵਾਨ ਦੇ ਹਵਾਈ ਰੱਖਿਆ ਖੇਤਰ ਵਿਚ ਹਵਾਈ ਫੌਜ ਦੇ ਸੈਂਕੜੇ ਜੈੱਟ ਭੇਜੇ ਹਨ ਤੇ ਹੋਰ ਫੌਜੀ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਅਮਰੀਕੀ ਅਧਿਕਾਰੀਆਂ ਦੀ ਤਾਇਵਾਨ ਯਾਤਰਾ ਦੀ ਆਲੋਚਨਾ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਿਨ ਨੇ ਕਿਹਾ ਕਿ ਚੀਨੀ ਲੋਕ ਰਾਸ਼ਟਰੀ ਪ੍ਰਭੂਸੱਤਾ ਤੇ ਅਖੰਡਤਾ ਦੀ ਰੱਖਿਆ ਲਈ ਦ੍ਰਿੜ੍ਹ ਹਨ ਅਮਰੀਕਾ ਦਾ ਤਾਇਵਾਨ ਨੂੰ ਸਮਰਥਨ ਦਿਖਾਉਣਾ ਫਿਜ਼ੂਲ ਹੈ, ਭਾਵੇਂ ਉਸ ਨੇ ਕਿਸੇ ਨੂੰ ਵੀ ਭੇਜਿਆ ਹੋਵੇ।
ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਤਾਇਵਾਨ ਦੀ ਆਜ਼ਾਦ ਵੱਖਵਾਦੀ ਤਾਕਤਾਂ ਨੂੰ ਉਤਸ਼ਾਹਿਤ ਕਰਨ ਦਾ ਇਰਾਦਾ ਰੱਖਦਾ ਹੈ ਤਾਂ ਇਸ ਨਾਲ ਉਸ ਦਾ ਸਿਰਫ ਨੁਕਸਾਨ ਹੋਵੇਗਾ ਤੇ ਅਮਰੀਕਾ ਨੂੰ ਇਸ ਕੰਮ ਲਈ ਭਾਰੀ ਕੀਮਤ ਚੁਕਾਉਣੀ ਹੋਵੇਗੀ।