ਜੰਗ ਦੇ ਤੀਜੇ ਦਿਨ ਰੂਸੀ ਸੈਨਿਕ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਪਹੁੰਚ ਚੁੱਕੇ ਹਨ। ਕੀਵ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਯੂਕਰੇਨੀ ਸੈਨਿਕਾਂ ਤੇ ਰੂਸੀਆਂ ਵਿਚਾਲੇ ਆਹਮੋ-ਸਾਹਮਣੀ ਜੰਗ ਸ਼ੁਰੂ ਹੋ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਰੂਸੀ ਸੈਨਿਕ ਕਿਸੇ ਵੀ ਵੇਲੇ ਸ਼ਹਿਰ ਦੇ ਅੰਦਰ ਦਾਖ਼ਲ ਹੋ ਸਕਦੇ ਹਨ।
ਇਸ ਵਿਚਾਲੇ ਕੀਵ ਦੀ ਹਿਫਾਜ਼ਤ ਲਈ ਆਮ ਲੋਕਾਂ ਨੇ ਬੰਦੂਕਾਂ ਚੁੱਕ ਲਈਆਂ ਹਨ। ਉਹ ਘਰਾਂ, ਛੱਤਾਂ ਤੇ ਸੜਕਾਂ ‘ਤੇ ਤਾਇਨਾਤ ਰਹਿ ਕੇ ਰੂਸੀ ਸੈਨਿਕਾਂ ਦੀ ਮੂਵਮੈਂਟ ‘ਤੇ ਨਜ਼ਰ ਰੱਖ ਰਹੇ ਹਨ। ਇਨ੍ਹਾਂ ਵਿੱਚੋਂ ਕਈ ਤਾਂ ਦੋ ਰਾਤਾਂ ਤੋਂ ਸੁੱਤੇ ਵੀ ਨਹੀਂ ਤੇ ਵਤਨ ਦੀ ਹਿਫਾਜ਼ਤ ਵਿੱਚ ਜੁਟੇ ਹੋਏ ਹਨ। ਰਾਸ਼ਟਰਪਤੀ ਵੋਲੋਡਿਮਿਰ ਜੇਲੇਂਸਕੀ ਨੇ ਕਿਹਾ ਕਿ ਅੱਜ ਦੀ ਰਾਤ ਦੇਸ਼ ਦਾ ਭਵਿੱਖ ਤੈਅ ਕਰੇਗੀ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਰੂਸਿਆਂ ਨੂੰ ਰੋਕਣ ਲਈ ਡਟੇ ਰਹਿਣ।
ਕੀਵ ‘ਤੇ ਜੰਗ ਦੇ ਪਹਿਲੇ ਤੇ ਦੂਜੇ ਦਿਨ ਰਾਕੇਟ ਤੇ ਮਿਜ਼ਾਇਲਾਂ ਨਾਲ ਹਮਲੇ ਕੀਤੇ ਗਏ। ਇਸ ਪਿੱਛੋਂ ਰੂਸ ਨੇ ਆਪਣੇ 10 ਹਜ਼ਾਰ ਪੈਰਾਟੂਪਰਸ ਨੂੰ ਲਾਹ ਦਿੱਤਾ। ਰੂਸੀ ਸੈਨਿਕ ਵੀ ਸੜਕ ਦੇ ਰਸਤਿਓਂ ਕੀਵ ਵੱਲ ਵਧੇ। ਤੀਜਾ ਦਿਨ ਹੁੰਦੇ-ਹੁੰਦੇ ਇਹ ਸਾਰੇ ਕੀਵ ਦੇ ਨੇੜੇ ਪਹੁੰਚ ਗਏ। ਹੁਣ ਇਹ ਕਈ ਪਾਸਿਓਂ ਕੀਵ ਨੂੰ ਘੇਰਦੇ ਹੋਏ ਉਥੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਕੀਵ ‘ਚ ਸ਼ਨੀਵਾਰ ਸਵੇਰੇ ਕਈ ਧਮਾਕੇ ਹੋਏ।