ਯੂਕਰੇਨ ਨੇ ਰੂਸ ਨਾਲ ਗੱਲਬਾਤ ਦੀ ਇੱਛਾ ਜਤਾਈ ਹੈ। ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਜੇ ਅਜਿਹਾ ਸੰਭਵ ਹੈ ਤਾਂ ਉਹ ਰੂਸ ਨਾਲ ਚਰਚਾ ਕਰਨ ਲਈ ਤਿਆਰ ਹੈ। ਯੂਕਰੇਨੀ ਰਾਸ਼ਟਰਪਤੀ ਦਫਤਰ ਦੇ ਸਲਾਹਕਾਰ ਮਿਖਾਇਲ ਪੋਡੋਲਿਇਕ ਨੇ ਕਿਹਾ ਕਿ ਗੱਲਬਾਤ ਦਾ ਸੱਦਾ ਸਾਡੇ ਵੱਲੋਂ ਨਿਰੰਤਰ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ।
ਉਥੇ ਹੀ ਰੂਸ ਦੇ ਵਿਦੇਸ਼ ਮੰਤਰੀ ਸਰਗੀ ਲੇਵਰੋਵ ਨੇ ਵੀ ਕਿਹਾ ਹੈ ਕਿ ਜੇ ਕੀਵ ਵਿੱਚ ਯੂਕਰੇਨ ਦੇ ਫੌਜੀ ਆਪਣੇ ਹਥਿਆਰ ਸੁੱਟ ਦੇਣ ਤਾਂ ਗੱਲਬਾਤ ਫਿਰ ਕੀਤੀ ਜਾ ਸਕਦੀ ਹੈ। ਕੱਲ੍ਹ ਯੂਕਰੇਨ ਖਿਲਾਫ ਵੱਡੀ ਫੌਜੀ ਕਾਰਵਾਈ ਕਰਨ ਤੋਂ ਬਾਅਦ ਰੂਸ ਨੇ ਮੁੜ ਤੋਂ ਇਹ ਵੱਡਾ ਪ੍ਰਸਤਾਵ ਦਿੱਤਾ ਹੈ। ਉਂਝ ਰੂਸ ਦੇ ਵਿਦੇਸ਼ ਮੰਤਰੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਫੌਜ ਵੱਲੋਂ ਯੂਕਰੇਨ ਦੇ ਰਿਹਾਇਸ਼ੀ ਇਲਾਕਿਆਂ ‘ਤੇ ਹਮਲਾ ਨਹੀਂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮੌਜੂਦ ਢਾਂਚੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਨੇ ਪੁਤਿਨ ਨੂੰ ਪ੍ਰਸਤਾਵ ਭੇਜਿਆ ਹੈ। ਦੂਜੇ ਪਾਸੇ ਇੰਟਰਨੈਸ਼ਨਲ ਮੀਡੀਆ ਰਿਪੋਰਟਾਂ ਮੁਤਾਬਕ ਵੋਲੋਡਿਮੀਰ ਜੇਲੇਂਸਕੀ ਨੂੰ ਬੰਕਰ ਵਿੱਚ ਲਿਜਾਇਆ ਗਿਆ ਹੈ। ਰੂਸੀ ਸੈਨਾ ਦੇ ਰਾਜਧਾਨੀ ਕੀਵ ਦੇ ਨੇੜੇ ਪਹੁੰਚਦੇ ਹੀ ਜੇਲੇਂਸਕੀ ਨੂੰ ਬੰਕਰ ਵਿੱਚ ਲਿਜਾਇਆ ਗਿਆ।