ਰੂਸ ਦੇ ਯੂਕਰੇਨ ਵਿਚ ਹਮਲਿਆਂ ਨਾਲ ਡਰੇ ਭਾਰਤੀ ਵਿਦਿਆਰਥੀਆਂ ਨੇ ਖਾਰਕਿਵ ਵਿਚ ਸਾਰੀ ਰਾਤ ਮੈਟਰੋ ਤੇ ਬੰਕਰਾਂ ਵਿਚ ਹੀ ਗੁਜ਼ਾਰੀ। ਭਾਰਤੀ ਸਮੇਂ ਮੁਤਾਬਕ ਰਾਤ 12 ਵਜੇ ਤੋਂ ਬਾਅਦ ਰੂਸ ਦੀ ਬੰਬਾਰੀ ਖਤਮ ਹੋਈ। ਯੂਕਰੇਨ ਦੇ ਸਮੇਂ ਮੁਤਾਬਕ ਸਵੇਰ 8 ਵਜੇ ਸਾਰੇ ਵਿਦਿਆਰਥੀ ਮੈਟਰੋ ਤੇ ਬੰਕਰਾਂ ਤੋਂ ਨਿਕਲ ਕੇ ਉਪਰ ਆਏ। ਵਿਦਿਆਰਥੀਆਂ ਨੇ ਕਿਹਾ ਕਿ ਪੱਛਮੀ ਬਾਰਡਰ ਤੱਕ ਪਹੁੰਚਣਾ ਆਸਾਨ ਨਹੀਂ ਕਿਉਂਕਿ ਉਨ੍ਹਾਂ ਕੋਲ ਨਾ ਤਾਂ ਗੱਡੀਆਂ ਹਨ ਤੇ ਨਾ ਹੀ ਪਬਲਿਕ ਟਰਾਂਸਪੋਰਟ ਹੈ।
ਪੰਜਾਬ, ਹਰਿਆਣਾ ਤੇ ਯੂਪੀ ਦੇ ਕਈ ਵਿਦਿਆਰਥੀ ਯੂਕਰੇਨ ਵਿਚ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਥੇ ਮਾਈਨਸ 2 ਡਿਗਰੀ ਸੈਲਸੀਅਸ ਤਾਪਮਾਨ ਹੈ। ਸਾਰੇ ਨੇ ਅਨਹਿਟੇਡ ਬੇਸਮੈਂਟ ਤੇ ਮੈਟ੍ਰੋ ਸਟੇਸ਼ਨ ਵਿਚ ਹੀ ਰਾਤ ਬਿਤਾਈ। ਉਨ੍ਹਾਂ ਦੇ ਕਾਂਟ੍ਰੈਕਟਰ ਹਰਦੀਪ ਨੇ ਉਨ੍ਹਾਂ ਨੂੰ ਭਾਰਤ ਵਿਚ ਰਹਿਣ ਵਾਲੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਤੋਂ ਸਰਕਾਰ ‘ਤੇ ਦਬਾਅ ਪਾਉਣ ਲਈ ਮੈਸੇਜ ਕੀਤਾ।
ਮੈਸੇਜ ਵਿਚ ਕਿਹਾ ਕਿ ਭਾਰਤ ਸਰਕਾਰ ਸਾਨੂੰ ਵੈਸਟਰਨ ਬਾਰਡਰ ਵੱਲ ਲੈ ਕੇ ਜਾਣਾ ਚਾਹੁੰਦੀ ਹੈ ਪਰ ਸਾਡੇ ਕੋਲ ਨਾ ਤਾਂ ਗੱਡੀਆਂ ਹਨ ਤੇ ਨਾ ਹੀ ਪਬਲਿਕ ਟਰਾਂਸਪੋਰਟ। ਹਜ਼ਾਰਾਂ ਕਿਲੋਮੀਟਰ ਦੂਰ ਵੈਸਟਰਨ ਬਾਰਡਰ ਕੋਲ ਪਹੁੰਚਣਾ ਆਸਾਨ ਨਹੀਂ ਹੈ। ਇਸ ਲਈ ਸਾਡੇ ਮਿੱਤਰਾਂ ਤੇ ਪਰਿਵਾਰਕ ਮੈਂਬਰਾਂ ਨੂੰ ਦਿੱਲੀ ਵਿਚ ਰਸ਼ੀਆ ਅੰਬੈਸੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਇਸ ਨਾਲ ਸਰਕਾਰ ਤੇ ਰੂਸ ਸਰਕਾਰ ਉਤੇ ਸਾਡੀ ਸੁਰੱਖਿਆ ਨੂੰ ਲੈ ਕੇ ਦਬਾਅ ਪਵੇਗਾ।