ਯੂਕਰੇਨ ‘ਤੇ ਰੂਸੀ ਹਮਲੇ ਦੇ ਮੰਡਰਾਉਂਦੇ ਖਤਰਿਆਂ ਵਿਚਾਲੇ ਉੱਥੋਂ ਦੀਆਂ ਮਹਿਲਾਵਾਂ ਨੇ ਹਥਿਆਰ ਚੁੱਕ ਲਏ ਹਨ। ਵੱਖ-ਵੱਖ ਪੇਸ਼ੇ ਨਾਲ ਜੁੜੀਆਂ ਮਹਿਲਾਵਾਂ ਸ਼ਾਰਟ ਟਰਮ ਟ੍ਰੇਨਿੰਗ ਲੈ ਕੇ ਦੇਸ਼ ਦੀ ਰੱਖਿਆ ਲਈ ਫੌਜ ਵਿੱਚ ਭਰਤੀ ਹੋ ਰਹੀਆਂ ਹਨ। ਇਨ੍ਹਾਂ ਨੂੰ ਬੰਦੂਕ ਚਲਾਉਣ ਤੋਂ ਲੈ ਕੇ ਫਸਟ ਐਡ ਤੇ ਸੈਲਫ ਡਿਫੈਂਸ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜ਼ਿਆਦਾਤਰ ਮਹਿਲਾਵਾਂ ਆਪਣਾ ਕੰਮ, ਘਰ-ਪਰਿਵਾਰ ਤੇ ਬੱਚਿਆਂ ਨੂੰ ਛੱਡ ਕੇ ਆਈਆਂ ਹਨ। ਗੰਭੀਰ ਹਾਲਾਤਾਂ ਦੇ ਮੱਦੇਨਜ਼ਰ ਯੂਕਰੇਨ ਸਰਕਾਰ ਨੇ 20 ਤੋਂ ਲੈ ਕੇ 60 ਸਾਲ ਤੱਕ ਦੀਆਂ ਮਹਿਲਾਵਾਂ ਨੂੰ ਫੌਜ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਲਿਆ ਹੈ। 30 ਹਜ਼ਾਰ ਤੋਂ ਜ਼ਿਆਦਾ ਮਹਿਲਾਵਾਂ ਯੂਕਰੇਨ ਦੀ ਫੌਜ ਵਿੱਚ ਪਹਿਲਾਂ ਤੋਂ ਸ਼ਾਮਿਲ ਹਨ।
1993 ਤੋਂ ਯੂਕਰੇਨ ਦੀ ਫੌਜ ਵਿੱਚ ਮਹਿਲਾਵਾਂ ਸ਼ਾਮਿਲ ਹਨ । ਇਸ ਦੌਰਾਨ ਉਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਦੀ ਰੱਖਿਆ ਕੀਤੀ ਹੈ । ਇਸ ਸਮੇਂ ਯੂਕਰੇਨ ਦੀ ਫੌਜ ਵਿੱਚ ਕਰੀਬ 31 ਹਜ਼ਾਰ ਮਹਿਲਾ ਫੌਜੀ ਹਨ। ਇਨ੍ਹਾਂ ਵਿਚੋਂ 1100 ਫੌਜੀ ਅਧਿਕਾਰੀ ਵੀ ਹਨ । 13 ਹਜ਼ਾਰ ਤੋਂ ਵੱਧ ਔਰਤਾਂ ਜੰਗੀ ਖੇਤਰਾਂ ਵਿੱਚ ਤਾਇਨਾਤ ਹਨ। ਯੂਕਰੇਨ ਦੇ ਫੌਜੀ ਬਲਾਂ ਵਿੱਚ ਔਰਤਾਂ ਦੀ ਹਿੱਸੇਦਾਰੀ 15% ਹੈ।
ਇੱਕ ਰਿਪੋਰਟ ਮੁਤਾਬਕ ਯੂਕਰੇਨ ਵਿੱਚ 2014 ਤੋਂ ਬਾਅਦ ਮਹਿਲਾ ਸੈਨਿਕਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ । 2014 ਵਿੱਚ ਰੂਸ ਨੇ ਯੂਕਰੇਨ ਦੇ ਕ੍ਰੀਮੀਆ ‘ਤੇ ਹਮਲਾ ਕਰਕੇ ਇਸਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਉਦੋਂ ਵੀ ਦੇਸ਼ ਦੀਆਂ ਮਹਿਲਾ ਫੌਜੀਆਂ ਨੇ ਰੂਸੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਸੀ । ਉਸ ਸਮੇਂ ਰੂਸੀ ਹਮਲੇ ਵਿੱਚ 14,000 ਤੋਂ ਵੱਧ ਯੂਕਰੇਨੀ ਫੌਜੀ ਅਤੇ ਨਾਗਰਿਕ ਮਾਰੇ ਗਏ ਸਨ। ਇਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਸਨ।
ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਰੂਸ ਸਮਰਥਿਤ ਵੱਖਵਾਦੀਆਂ ਦਾ ਪ੍ਰਭਾਵ ਹੈ। ਉਹ ਯੂਕਰੇਨ ਤੋਂ ਆਜ਼ਾਦੀ ਦੀ ਵਕਾਲਤ ਕਰਦੇ ਹਨ । ਰੂਸ ਉਨ੍ਹਾਂ ਦੀ ਹਥਿਆਰਾਂ ਨਾਲ ਮਦਦ ਕਰਦਾ ਹੈ। ਯੂਕਰੇਨ ਦਾ ਦੋਸ਼ ਹੈ ਕਿ ਇਨ੍ਹਾਂ ਵੱਖਵਾਦੀਆਂ ਦੇ ਨਾਲ-ਨਾਲ ਰੂਸੀ ਫੌਜ ਵੀ ਯੂਕਰੇਨ ਨਾਲ ਲੜ ਰਹੀ ਹੈ, ਪਰ ਰੂਸ ਇਨ੍ਹਾਂ ਨੂੰ ਵਾਲੰਟੀਅਰ ਦੱਸਦਾ ਹੈ। ਉਨ੍ਹਾਂ ਦਾ ਯੂਕਰੇਨ ਦੇ ਕਈ ਹਿੱਸਿਆਂ ਵਿੱਚ ਮਹੱਤਵਪੂਰਨ ਪ੍ਰਭਾਵ ਹੈ । 2014 ਦੇ ਕ੍ਰੀਮੀਅਨ ਹਮਲੇ ਤੋਂ ਬਾਅਦ ਉਨ੍ਹਾਂ ਦਾ ਮਨੋਬਲ ਕਾਫੀ ਵਧਿਆ ਹੈ। ਇਨ੍ਹਾਂ ਵੱਖਵਾਦੀਆਂ ਨਾਲ ਲੜਨ ਵਿੱਚ ਯੂਕਰੇਨ ਦੀਆਂ ਔਰਤਾਂ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਵੱਖਵਾਦੀ ਅਕਸਰ ਇੱਥੇ ਹਮਲੇ ਕਰਦੇ ਰਹਿੰਦੇ ਹਨ।
ਆਪਣੇ ਦੇਸ਼ ਦੀ ਰਾਖੀ ਲਈ ਯੂਕਰੇਨ ਦੀਆਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਹਨ। ਇੱਥੇ ਬਜ਼ੁਰਗ ਔਰਤਾਂ ਦੀ ਇੱਕ ਸੰਸਥਾ ਹੈ ਜਿਸ ਦਾ ਨਾਂ ‘ਬਾਬੂਸ਼ਖਾ ਬਟਾਲੀਅਨ’ ਹੈ। ਇਸ ਵਿੱਚ ਸ਼ਾਮਿਲ ਔਰਤਾਂ ਜੰਗ ਦੇ ਸਮੇਂ ਕਈ ਤਰੀਕਿਆਂ ਨਾਲ ਫੌਜ ਦੀ ਮਦਦ ਕਰਦੀਆਂ ਹਨ। 2014 ਦੇ ਕ੍ਰੀਮੀਅਨ ਹਮਲੇ ਦੇ ਸਮੇਂ ਇਸ ਸਮੂਹ ਦੀਆਂ ਬਜ਼ੁਰਗ ਔਰਤਾਂ ਨੇ ਆਪਣੇ ਫੌਜੀਆਂ ਲਈ ਟੋਏ ਪੁੱਟੇ ਸੀ। ਬਾਬੂਸ਼ਖਾ ਦੀਆਂ ਔਰਤਾਂ ਫੌਜੀ ਸਪਲਾਈ, ਮੈਡੀਕਲ ਸੇਵਾਵਾਂ ਅਤੇ ਖੁਫੀਆ ਜਾਣਕਾਰੀ ਲਈ ਵੀ ਕੰਮ ਕਰ ਰਹੀਆਂ ਹਨ।
Comment here