ਪੈਟਰੋਲ, ਡੀਜ਼ਲ ਕੀਮਤਾਂ ਨੂੰ ਲੈ ਕੇ ਜਲਦ ਹੀ ਵੱਡਾ ਝਟਕਾ ਲੱਗਣ ਵਾਲਾ ਹੈ, ਇਸ ਦੀ ਵਜ੍ਹਾ ਬ੍ਰੈਂਟ ਕਰੂਡ ਵਿੱਚ ਆਇਆ ਉਛਾਲ ਹੈ। ਇਸ ਸਮੇਂ ਚੋਣਾਂ ਦੇ ਮਾਹੌਲ ਵਿਚਕਾਰ ਤੇਲ ਕੀਮਤਾਂ ਲਗਾਤਾਰ ਸਥਿਰ ਹਨ ਪਰ 10 ਮਾਰਚ ਤੋਂ ਬਾਅਦ ਜਲਦ ਹੀ ਰੋਜ਼ਾਨਾ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲਣਾ ਤੈਅ ਹੈ। ਰੂਸ-ਯੂਕਰੇਨ ਵਿਚਕਾਰ ਤਣਾਅ ਕਾਰਨ ਮੰਗਲਵਾਰ ਨੂੰ ਬ੍ਰੈਂਟ ਕਰੂਡ 98.44 ਡਾਲਰ ਪ੍ਰਤੀ ਬੈਰਲ ਨੂੰ ਛੂਹ ਗਿਆ। ਅਮਰੀਕੀ ਕੱਚਾ ਤੇਲ ਵੀ 95 ਡਾਲਰ ਪ੍ਰਤੀ ਬੈਰਲ ‘ਤੇ ਦੇਖਣ ਨੂੰ ਮਿਲਿਆ। ਕੱਚਾ ਤੇਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਤੰਬਰ 2014 ਤੋਂ ਬਾਅਦ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ ਤੇ ਜਲਦ ਹੀ ਇਸਦੇ 100 ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 10-15 ਰੁਪਏ ਤੱਕ ਵੱਧ ਸਕਦੀਆਂ ਹਨ।
ਨਵੇਂ ਸਾਲ 2022 ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ 20 ਫ਼ੀਸਦੀ ਤੋਂ ਜ਼ਿਆਦਾ ਦਾ ਉਛਾਲ ਆ ਚੁੱਕਿਆ ਹੈ। ਬੀਤੇ ਦੋ ਮਹੀਨਿਆਂ ਤੋਂ ਲਗਾਤਾਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇੱਕ ਦਸੰਬਰ 2021 ਨੂੰ ਕੱਚੇ ਤੇਲ ਦੀਆਂ ਕੀਮਤਾਂ 68.87 ਡਾਲਰ ਪ੍ਰਤੀ ਬੈਰਲ ਸੀ, ਜੋ ਹੁਣ 98 ਡਾਲਰ ਪ੍ਰਤੀ ਬੈਰਲ ਦੇ ਕਰੀਬ ਕਾਰੋਬਾਰ ਕਰ ਰਿਹਾ ਹੈ। ਯਾਨੀ ਕਿ ਡੇਢ ਮਹੀਨੇ ਦੇ ਅੰਦਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੇਠਲੇ ਪੱਧਰ ਤੋਂ 40 ਫ਼ੀਸਦੀ ਦੀ ਤੇਜ਼ੀ ਆ ਚੁੱਕੀ ਹੈ।
ਦੱਸ ਦੇਈਏ ਕਿ ਹਾਲਾਂਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 4 ਨਵੰਬਰ 2021 ਤੋਂ ਬਾਅਦ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਜਦਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਦਰਅਸਲ, ਦੇਸ਼ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਮੁਕੰਮਲ ਹੋਈਆਂ ਹਨ, ਜਿਨ੍ਹਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ। ਮੰਨਿਆ ਜਾ ਰਿਹਾ ਹੈ ਕਿ ਚੋਣਾਂ ਵਿੱਚ ਨੁਕਸਾਨ ਦੇ ਚਲਦਿਆਂ ਸਰਕਾਰੀ ਤੇਲ ਕੰਪਨੀਆਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਦੇ ਬਾਵਜੂਦ ਸਰਕਾਰ ਦੇ ਦਬਾਅ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕਰ ਰਹੀਆਂ ਹਨ।