ਰੂਸ ਦੀ ਫੌਜ ਯੂਕਰੇਨ ਦੇ ਦੋ ਸੂਬਿਆਂ ਲੁਹਾਂਸਕ-ਡੋਨੇਟਸਕ ਵਿਚ ਵੜ ਗਈ ਹੈ। ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ 13 ਘੰਟੇ ਪਹਿਲਾਂ ਯੂਕਰੇਨ ਦੇ ਇਨ੍ਹਾਂ ਦੋਵੇਂ ਰਾਜਾਂ ਨੂੰ ਆਜ਼ਾਦ ਦੇਸ਼ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਰੂਸੀ ਫੌਜ ਦੇ ਟੈਂਕ ਇਨ੍ਹਾਂ ਇਲਾਕਿਆਂ ਵੱਲ ਵਧ ਗਏ। ਪੁਤਿਨ ਨੇ ਕਿਹਾ ਕਿ ਲੁਹਾਂਸਕ-ਡੋਨੇਟਸਕ ਅਤੇ ਵੱਖਵਾਦੀਆਂ ਦੇ ਕਬਜ਼ੇ ਵਾਲੇ ਇਲਾਕੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ।
ਇਸੇ ਦਰਮਿਆਨ ਬ੍ਰਿਟੇਨ ਨੇ ਯੂਕਰੇਨ ਵਿਚ ਰੂਸ ਦੀ ਘੁਸਪੈਠ ਦੀ ਪੁਸ਼ਟੀ ਕੀਤੀ ਹੈ। ਬ੍ਰਿਟਿਸ਼ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਕਿਹਾ ਕਿ ਯੂਕਰੇਨ ‘ਚ ਰੂਸੀ ਹਮਲਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲੋਡਿਮਿਰ ਜੇਲੇਂਸਕੀ ਨੇ ਕਿਹਾ ਕਿ ਅਸੀਂ ਰੂਸ ਦੇ ਇਸ ਕਦਮ ਤੋਂ ਡਰਦੇ ਨਹੀਂ ਹਾਂ। ਅਸੀਂ ਨਾ ਤਾਂ ਕਿਸੇ ਕੋਲੋਂ ਕੁਝ ਲਿਆ ਹੈ ਤੇ ਨਾ ਹੀ ਕਿਸ ਨੂੰ ਕੁਝ ਦੇਵਾਂਗੇ। ਜੇਲੇਂਸਕੀ ਨੇ ਕਿਹਾ ਕਿ ਰੂਸ ਦੇ ਐਲਾਨਾਂ ਤੇ ਖਤਰਿਆਂ ਦੇ ਬਾਵਜੂਦ ਯੂਕਰੇਨ ਦੀਆਂ ਕੌਮਾਂਤਰੀ ਸਰਹੱਦਾਂ ਉਂਝ ਹੀ ਬਣੀਆਂ ਰਹਿਣਗੀਆਂ ਜਿਵੇਂ ਪਹਿਲਾਂ ਸੀ। ਯੂਕਰੇਨ ਦੇ ਦੋ ਸੂਬਿਆਂ ਨੂੰ ਆਜ਼ਾਦ ਐਲਾਨ ਕਰਨ ਵਾਲੇ ਪੁਤਿਨ ਦੇ ਕਦਮ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਐਮਰਜੈਂਸੀ ਮੀਟਿੰਗ ਬੁਲਾਈ।
ਭਾਰਤ ਨੇ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਏਅਰ ਇੰਡੀਆ ਦੀ ਸਪੈਸ਼ਲ ਫਲਾਈਟ ਅੱਜ ਸਵੇਰੇ ਯੂਕਰੇਨ ਲਈ ਰਵਾਨਾ ਹੋਈ ਇਹ ਫਲਾਈਟ ਅੱਜ ਰਾਤ ਤੱਕ ਦਿੱਲੀ ਪਰਤ ਆਏਗੀ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ. ਐੱਸ. ਤਿਰੂਮੂਰਤੀ ਨੇ ਕਿਹਾ ਕਿ 20,000 ਤੋਂ ਵੱਧ ਭਾਰਤੀ ਵਿਦਿਆਰਥੀ ਤੇ ਨਾਗਰਿਕ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ਤੇ ਬਾਰਡਰ ਖੇਤਰਾਂ ਵਿਚ ਰਹਿੰਦੇ ਤੇ ਪੜ੍ਹਦੇ ਹਨ। ਭਾਰਤੀਆਂ ਦੀ ਸਲਾਮਤੀ ਸਾਡੀ ਪਹਿਲ ਹੈ।
Comment here