ਰਾਸ਼ਟਰਪਤੀ ਦੇ ਅਹੁਦੇ ਲਈ ਇਸ ਸਾਲ ਜੁਲਾਈ-ਅਗਸਤ ਵਿੱਚ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਵਿਰੋਧੀ ਧਿਰ ‘ਚੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦੀ ਘੁਸਰ-ਮੁਸਰ ਤੇਜ਼ ਹੋ ਗਈ ਹੈ।
ਜਾਣਕਾਰੀ ਮੁਤਾਬਕ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਐਲਾਨਿਆ ਜਾਣਾ ਤੈਅ ਹੈ। ਇਸ ਦੀ ਅਗਵਾਈ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਕਰ ਰਹੇ ਹਨ। ਇਸ ਦੇ ਨਾਲ ਹੀ ਰਣਨੀਤੀ ਤਿਆਰ ਕਰਨ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਅੱਗੇ ਕੀਤਾ ਗਿਆ ਹੈ।
ਦਰਅਸਲ, ਇਸ ਮਹੀਨੇ ਪ੍ਰਸ਼ਾਂਤ ਕਿਸ਼ੋਰ ਅਤੇ ਕੇ.ਸੀ.ਆਰ. ਵਿਚਕਾਰ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਨਿਤੀਸ਼ ਕੁਮਾਰ ਨਾਲ ਵੀ ਮੁਲਾਕਾਤ ਕੀਤੀ। ਉਦੋਂ ਤੋਂ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਜ਼ੋਰ ਫੜਦੀ ਜਾ ਰਹੀ ਹੈ ਕਿ ਨਿਤੀਸ਼ ਕੁਮਾਰ ਵਿਰੋਧੀ ਧਿਰ ਦੀ ਤਰਫੋਂ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਹਨ।
ਚਰਚਾ ਹੈ ਕਿ ਇਸ ਦੇ ਲਈ ਨਿਤੀਸ਼ ਕੁਮਾਰ ਨੂੰ ਮਨਾਉਣ ਦਾ ਕੰਮ ਖੁਦ ਪ੍ਰਸ਼ਾਂਤ ਕਿਸ਼ੋਰ ਹੀ ਕਰ ਰਹੇ ਹਨ। ਇੰਨਾ ਹੀ ਨਹੀਂ ਗੈਰ-ਭਾਜਪਾ ਅਤੇ ਗੈਰ-ਕਾਂਗਰਸੀ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਜ਼ਿੰਮੇਵਾਰੀ ਵੀ ਪ੍ਰਸ਼ਾਂਤ ਕਿਸ਼ੋਰ ਦੀ ਹੈ। ਇਸ ਦੌਰਾਨ ਕੇਸੀਆਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਵੀ ਮੁਲਾਕਾਤ ਕੀਤੀ ਹੈ। ਤੇਜਸਵੀ ਯਾਦਵ ਨੇ ਸ਼ਿਵ ਸੈਨਾ ਮੁਖੀ ਅਤੇ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਵੀ ਮੁਲਾਕਾਤ ਕੀਤੀ।