ਪੰਜਾਬ ਵਿੱਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਲੋਕ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਆਪਣੀ ਸਰਕਾਰ ਨੂੰ ਚੁਣਨ ਵਾਸਤੇ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਖੜੇ ਨਜ਼ਰ ਆ ਰਹੇ ਹਨ । ਇਸੇ ਵਿਚਾਲੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਨੇ ਮੋਹਾਲੀ ਦੇ ਗੁਰਦੁਆਰਾ ਸੱਚਾ ਧੰਨ ਵਿਖੇ ਮੱਥਾ ਟੇਕਿਆ ।
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਅੱਜ ਪੰਜਾਬ ਦੇ ਲਈ ਬਹੁਤ ਵੱਡਾ ਦਿਨ ਹੈ। ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਕਿਸੇ ਦਬਾਅ ਜਾਂ ਲਾਲਚ ਵਿੱਚ ਨਾ ਫਸੋ, ਆਪਣੀ ਮਰਜ਼ੀ ਅਨੁਸਾਰ ਵੋਟ ਪਾਓ ।
ਦੱਸ ਦਈਏ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵਿਧਾਇਕਾਂ ਦੀ ਚੋਣ ਹੋਣੀ ਹੈ। ਇਸ ਦੇ ਲਈ 1,304 ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ। ਇਸ ਵਾਰ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ-ਬਸਪਾ ਗਠਜੋੜ, ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੇ ਸਾਂਝੇ ਮੋਰਚੇ ਤੋਂ ਇਲਾਵਾ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਵੀ ਚੋਣ ਮੈਦਾਨ ਵਿੱਚ ਇੱਕ ਦੂਜੇ ਨੂੰ ਪੂਰੀ ਟੱਕਰ ਦੇਣਗੀਆਂ।