Site icon SMZ NEWS

ਬਾਦਲ ਦਾ ਨਿਸ਼ਾਨਾ, ਕਿਹਾ- “ਅਸੀਂ ਕੈਪਟਨ ਵਰਗੇ ਦਲਬਦਲੂ ਨਹੀਂ, ਤਿੰਨ ਪੀੜ੍ਹੀਆਂ ਤੋਂ ਇਕੋ ਥਾਂ ਤੇ ਜੰਮੇ ਹੋਏ ਹਾਂ”

ਪੰਜਾਬ ਵਿੱਚ 16ਵੀਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਪੂਰੇ ਪਰਿਵਾਰ ਸਣੇ ਲੰਬੀ ਪੰਜਾਬ ਦੇ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕੈਪਟਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸੀਂ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਇਸ ਥਾਂ ‘ਤੇ ਜੰਮੇ ਹੋਏ ਹਾਂ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਲੋਕ ਟਿਕਟਾਂ ਨਾ ਮਿਲਣ ਕਰਕੇ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ ।

ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਇੱਥੇ ਕਲੀਨ ਸਵੀਪ ਕਰਨਗੇ ਤੇ 80 ਤੋਂ ਵੱਧ ਸੀਟਾਂ ਜਿੱਤਣਗੇ । ਦੱਸ ਦੇਈਏ ਕਿ ਸੁਖਬੀਰ ਬਾਦਲ ਹਲਕਾ ਜਲਾਲਾਬਾਦ ਤੋਂ ਚੋਣ ਮੈਦਾਨ ਵਿੱਚ ਹਨ ਪਰ ਉਨ੍ਹਾਂ ਦੀ ਵੋਟ ਲੰਬੀ ਹਲਕੇ ਵਿੱਚ ਬਣੀ ਹੋਈ ਹੈ।

ਪੰਜਾਬ ਦੀਆਂ 117 ਮੈਂਬਰੀ ਵਿਧਾਨ ਸਭਾ ਸੀਟਾਂ ਲਈ ਅੱਜ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਇਸ ਨਾਲ ਪੰਜਾਬ ਦੇ 2.14 ਕਰੋੜ ਵੋਟਰ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਪੰਜਾਬ ਵਿੱਚ ਸਵੇਰੇ 9 ਵਜੇ ਤੱਕ ਕਰੀਬ ਪੰਜ ਫੀਸਦੀ ਪੋਲਿੰਗ ਮੁਕੰਮਲ ਹੋ ਚੁੱਕੀ ਹੈ। ਪੋਲਿੰਗ ਬੂਥਾਂ ‘ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।

Exit mobile version