ਕਰਤਾਰਪੁਰ ਲਾਂਘੇ ਨੇ ਪਰਿਵਾਰ ਦੀਆਂ ਦੋ ਪੀੜ੍ਹੀਆਂ ਨੂੰ 74 ਸਾਲਾਂ ਬਾਅਦ ਮੁੜ ਇਕੱਠੇ ਹੋਣ ਦਾ ਮੌਕਾ ਦਿੱਤਾ, ਜੋ 1947 ਦੀ ਵੰਡ ਵਿੱਚ ਵਿਛੜ ਗਏ ਸਨ। ਉਨ੍ਹਾਂ ਨੂੰ ਇੱਕ ਪੰਜਾਬੀ ਨਿਊਜ਼ ਚੈਨਲ ਰਾਹੀਂ ਇੱਕ-ਦੂਜੇ ਬਾਰੇ ਪਤਾ ਲੱਗਿਆ।
ਨਨਕਾਣਾ ਜ਼ਿਲ੍ਹੇ ਦੇ ਮਾਨਾਂਵਾਲਾ ਦਾ ਰਹਿਣ ਵਾਲਾ ਸ਼ਾਹਿਦ ਰਫੀਕ ਮਿੱਠੂ ਆਪਣੇ ਪਰਿਵਾਰ ਦੇ 40 ਮੈਂਬਰਾਂ ਨਾਲ ਕਰਤਾਰਪੁਰ ਪਹੁੰਚਿਆ, ਜਦਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਸ਼ਾਹਪੁਰ ਡੋਗਰਾਂ ਦਾ ਰਹਿਣ ਵਾਲਾ ਸੋਨੂੰ ਮਿੱਠੂ ਕਰਤਾਰਪੁਰ ਦੇ ਰਸਤੇ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਪਹੁੰਚਿਆ। ਰਿਪੋਰਟ ਮੁਤਾਬਕ ਉਸ ਨਾਲ ਪਰਿਵਾਰ ਦੇ ਅੱਠ ਮੈਂਬਰ ਸਨ। ਪਰਿਵਾਰ ਦੇ ਮੈਂਬਰ ਇੰਨੇ ਭਾਵੁਕ ਹੋ ਗਏ ਕਿ ਇੱਕ-ਦੂਜੇ ਨੂੰ ਗਲ ਲਾ ਕੇ ਰੋ ਪਏ।
ਸ਼ਾਹਿਦ ਰਫੀਕ ਮਿੱਠੂ ਨੇ ਦੱਸਿਆ ਕਿ ਉਸ ਦੇ ਵੱਡੇ ਇਕਬਾਲ ਮਸੀਹ ਵੰਡ ਵੇਲੇ ਆਪਣੇ ਪਰਿਵਾਰ ਸਣੇ ਪਾਕਿਸਤਾਨ ਚਲੇ ਗਏ ਸਨ, ਜਦੋਂ ਕਿ ਉਸ ਦਾ (ਇਕਬਾਲ ਦਾ) ਭਰਾ ਇਨਾਇਤ ਵੰਡ ਦੌਰਾਨ ਗੁਆਚ ਗਿਆ ਸੀ ਅਤੇ ਪੰਜਾਬ ਵਿਚ ਹੀ ਪਿੱਛੇ ਰਹਿ ਗਿਆ ਸੀ।
ਸ਼ਾਹਿਦ ਮਿੱਠੂ ਨੇ ਦੱਸਿਆ ਕਿ ਲਗਭਗ ਇੱਕ ਸਾਲ ਪਹਿਲਾਂ ਮੇਰੀ ਇੰਟਰਵਿਊ ਇੱਕ ਪੰਜਾਬੀ ਨਿਊਜ਼ ਚੈਨਲ ਦੁਆਰਾ ਪ੍ਰਸਾਰਿਤ ਕੀਤੀ ਗਈ ਸੀ, ਜਿਸ ਵਿੱਚ ਮੈਂ ਵੰਡ ਦੌਰਾਨ ਸਾਡੇ ਬਜ਼ੁਰਗਾਂ ਦੇ ਵਿਛੋੜੇ ਬਾਰੇ ਗੱਲ ਕੀਤੀ ਸੀ, ਜਿਸ ਨੂੰ ਪੰਜਾਬ ਵਿੱਚ ਸਾਡੇ ਰਿਸ਼ਤੇਦਾਰਾਂ ਨੇ ਦੇਖਿਆ ਸੀ। ਉਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਅਸੀਂ ਕਰਤਾਰਪੁਰ ਵਿਖੇ ਮੁੜ ਮਿਲਣ ਦੀ ਯੋਜਨਾ ਬਣਾਈ। ਉਸ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਦੋਵੇਂ ਬਜ਼ੁਰਗ ਇਕਬਾਲ ਅਤੇ ਇਨਾਇਤ ਦੀ ਮੌਤ ਹੋ ਚੁੱਕੀ ਹੈ।
Comment here