ਪੰਜਾਬ ਚੋਣਾਂ ਨੂੰ ਹੁਣ ਤਿੰਨ ਦਿਨ ਬਾਕੀ ਹਨ। ਜਿਸ ਕਾਰਨ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸਿਖਰਾਂ ‘ਤੇ ਹੈ। ਇਸੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਚੋਣ ਰੈਲੀ ਲਈ ਅਬੋਹਰ ਪਹੁੰਚੇ। ਇਸ ਦੌਰਾਨ ਪੀਐੱਮ ਮੋਦੀ ਨੇ CM ਚੰਨੀ ‘ਤੇ ਯੂਪੀ-ਬਿਹਾਰ ਵਾਲੇ ਬਿਆਨ ਨੂੰ ਲੈ ਕੇ ਕਈ ਸਵਾਲ ਦਾਗੇ। ਉਨ੍ਹਾਂ ਨੇ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਦੇ ਬਿਆਨਾਂ ਨਾਲ ਕਿਸਦਾ ਅਪਮਾਨ ਕਰ ਰਹੇ ਹੋ। ਇੱਥੋਂ ਦਾ ਕੋਈ ਵੀ ਪਿੰਡ ਅਜਿਹਾ ਨਹੀਂ ਹੋਵੇਗਾ, ਜਿੱਥੇ ਸਾਡੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕ ਮਿਹਨਤ ਨਾ ਕਰਦੇ ਹੋਣ । ਕਾਂਗਰਸ ਹਮੇਸ਼ਾ ਇੱਕ ਖੇਤਰ ਦੇ ਲੋਕਾਂ ਨੂੰ ਦੂਜੇ ਖੇਤਰ ਨਾਲ ਲੜਾਉਂਦੀ ਆਈ ਹੈ। ਇੱਥੇ ਕਾਂਗਰਸ ਦੇ ਮੁੱਖ ਮੰਤਰੀ ਵੱਲੋਂ ਜੋ ਬਿਆਨ ਦਿੱਤਾ ਗਿਆ, ਜਿਸ ‘ਤੇ ਦਿੱਲੀ ਦਾ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਹੋ ਕੇ ਤਾੜੀਆਂ ਵਜਾ ਰਿਹਾ ਸੀ, ਜਿਸ ਨੂੰ ਪੂਰੇ ਦੇਸ਼ ਨੇ ਦੇਖਿਆ ।
ਪੀਐੱਮ ਮੋਦੀ ਨੇ CM ਚੰਨੀ ‘ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਅਸੀਂ ਬੀਤੇ ਦਿਨ ਹੀ ਸੰਤ ਰਵਿਦਾਸ ਜੀ ਦੀ ਜਯੰਤੀ ਮਨਾਈ ਹੈ। ਉਹ ਉੱਤਰ ਪ੍ਰਦੇਸ਼ ਦੇ ਬਨਾਰਸ ਵਿੱਚ ਪੈਦਾ ਹੋਏ। ਕੀ ਤੁਸੀਂ ਸੰਤ ਰਵਿਦਾਸ ਜੀ ਨੂੰ ਵੀ ਪੰਜਾਬ ਵਿੱਚੋਂ ਕੱਢ ਦਿਓਗੇ? ਇਸ ਤੋਂ ਬਾਅਦ ਉਨ੍ਹਾਂ ਪੁੱਛਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿੱਚ ਹੋਇਆ, ਕੀ ਤੁਸੀਂ ਉਨ੍ਹਾਂ ਨੂੰ ਵੀ ਪੰਜਾਬ ਵਿੱਚੋਂ ਕੱਢ ਦਿਓਗੇ ?
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨੂੰ ਹਮੇਸ਼ਾ ਧੋਖਾ ਦਿੱਤਾ ਹੈ । ਸਾਡੇ ਸਮੇਂ ਵਿੱਚ ਅਨਾਜ ਦੀ ਰਿਕਾਰਡ ਖਰੀਦ ਹੋਈ। ਕਿਸਾਨਾਂ ਨੂੰ ਬਿਹਤਰ ਫ਼ਸਲ, ਘੱਟ ਲਾਗਤ ਅਤੇ ਬਿਹਤਰ ਕੀਮਤ ਦੀ ਲੋੜ ਹੈ। ਜਿਸ ਲਈ ਸਾਡੀ ਸਰਕਾਰ ਬੀਜ ਤੋਂ ਬਾਜ਼ਾਰ ਤੱਕ ਨਵੀਂ ਵਿਵਸਥਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀ. ਐੱਮ. ਕਿਸਾਨ ਸਨਮਾਨ ਨਿਧੀ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 3700 ਕਰੋੜ ਰੁਪਏ ਸਿੱਧੇ-ਸਿੱਧੇ ਕਿਸਾਨ ਦੇ ਬੈਂਕ ਦੇ ਖਾਤਿਆਂ ਵਿਚ ਜਮ੍ਹਾਂ ਹੋਇਆ ਹੈ। ਜਿਸ ਦਾ ਲਾਭ ਪੰਜਾਬ ਦੇ ਕਰੀਬ 23 ਲੱਖ ਕਿਸਾਨਾਂ ਨੂੰ ਮਿਲਿਆ ਹੈ।
Comment here