ਦੇਸ਼ ‘ਚ ਕੋਰੋਨਾ ਦੀ ਰਫਤਾਰ ਹੌਲੀ ਹੁੰਦੀ ਜਾ ਰਹੀ ਹੈ। ਹਰ ਰੋਜ਼ ਨਵੇਂ ਕੇਸਾਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ। ਅਜਿਹੇ ‘ਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ 6 ਫਰਵਰੀ ਤੋਂ ਸਕੂਲ ਅਤੇ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਕੋਵਿਡ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਨਾਲ ਹੀ ਹੋਰ ਸੂਬੇ ਵੀ ਜਲਦ ਹੀ ਇਹ ਫ਼ੈਸਲਾ ਲੈ ਸਕਦੇ ਹਨ ਕਿਉਂਕਿ ਪੰਜਾਬ ਸਣੇ ਕਈ ਰਾਜਾਂ ਵਿਚ ਪਾਜ਼ੇਟੀਵਿਟੀ ਦਰ ਘੱਟ ਗਈ ਹੈ।
ਗੋਰਖਪੁਰ ‘ਚ ਭਾਜਪਾ ਅਧਿਕਾਰੀਆਂ ਦੀ ਬੈਠਕ ‘ਚ ਸੀਐੱਮ ਯੋਗੀ ਆਦਿਤਿਆਨਾਥ ਨੇ ਦੱਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਕੰਟਰੋਲ ‘ਚ ਹੈ। ਇਸ ਦੇ ਨਾਲ ਹੀ ਸਕੂਲ ਅਤੇ ਕਾਲਜ ਖੋਲ੍ਹਣ ਬਾਰੇ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਮਾਰਤਾਂ ਨੂੰ ਸੈਨੀਟਾਈਜ਼ ਕਰਨਾ ਹੋਵੇਗਾ। ਸਮਾਜਿਕ ਦੂਰੀ ਦੀ ਪਾਲਣਾ ਕਰਨੀ ਪਵੇਗੀ। ਸਕੂਲਾਂ ਵਿੱਚ ਭੀੜ ਇਕੱਠੀ ਕਰਨ ਦੇ ਪ੍ਰੋਗਰਾਮ ਨਹੀਂ ਕਰਵਾਏ ਜਾਣਗੇ। ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਬੋਰਡਿੰਗ ਸਕੂਲਾਂ ਵਿੱਚ ਦੋ ਬੈੱਡਾਂ ਵਿਚਕਾਰ ਸਹੀ ਦੂਰੀ ਬਣਾਈ ਰੱਖਣੀ ਜ਼ਰੂਰੀ ਹੈ।
ਦੱਸ ਦੇਈਏ ਕਿ ਕੋਰੋਨਾ ਦੇ ਘਟਦੇ ਮਾਮਲਿਆਂ ਦੇ ਵਿਚਕਾਰ ਕੇਂਦਰ ਸਰਕਾਰ ਨੇ ਸਕੂਲ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰੀ ਸਿੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਸਕੂਲਾਂ ਨੂੰ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਸਿੱਖਿਆ ਮੰਤਰਾਲੇ ਦੇ ਅਨੁਸਾਰ 99 ਫ਼ੀਸਦ ਅਧਿਆਪਕ ਅਤੇ ਸਟਾਫ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ।
ਇਸ ਦੇ ਨਾਲ ਹੀ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1,49,394 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 1,072 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਯੂਪੀ ਦੀ ਗੱਲ ਕਰੀਏ ਤਾਂ ਕੋਰੋਨਾ ਇਨਫੈਕਸ਼ਨ ਦੇ 5,316 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 1,95,307 ਨਮੂਨਿਆਂ ਦੀ ਜਾਂਚ ਕੀਤੀ ਗਈ। ਸੂਬੇ ਵਿੱਚ ਹੁਣ ਤੱਕ ਕੁੱਲ 10,00,47,612 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ, 5,541 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਸੂਬੇ ਵਿੱਚ ਕੋਰੋਨਾ ਦੇ ਕੁੱਲ 41,471 ਐਕਟਿਵ ਕੇਸ ਹਨ।
Comment here