ਬਾਲੀਵੁੱਡ ਅਭਿਨੇਤਰੀ ਜਯਾ ਬੱਚਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਦਾਕਾਰਾ ਦੀ ਕੋਰੋਨਾ ਮੈਡੀਕਲ ਰਿਪੋਰਟ ਪਾਜ਼ੀਟਿਵ ਆਈ ਹੈ। ਜਯਾ ਬੱਚਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਫਿਲਮ ‘ਚ ਰਣਵੀਰ ਸਿੰਘ ਅਤੇ ਆਲੀਆ ਭੱਟ ਮੁੱਖ ਭੂਮਿਕਾਵਾਂ ‘ਚ ਹਨ। ਇਸ ਤੋਂ ਇਲਾਵਾ ਸ਼ਬਾਨਾ ਆਜ਼ਮੀ ਅਤੇ ਅਭਿਨੇਤਾ ਧਰਮਿੰਦਰ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ ‘ਚ ਸ਼ਬਾਨਾ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਸੀ। ਇਸ ਤੋਂ ਬਾਅਦ ਹੁਣ ਜਯਾ ਬੱਚਨ ਕੋਰੋਨਾ ਪਾਜ਼ੀਟਿਵ ਹੋ ਗਏ ਹਨ।
ਜਯਾ ਬੱਚਨ ਦੇ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਫਿਲਮਕਾਰ ਕਰਨ ਜੌਹਰ ਨੇ ਫਿਲਮ ‘ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੀ ਸ਼ੂਟਿੰਗ ਰੋਕ ਦਿੱਤੀ ਹੈ। ਰਿਪੋਰਟਾਂ ਮੁਤਾਬਿਕ ਜਯਾ ਅਤੇ ਸ਼ਬਾਨਾ ਕੁਝ ਦਿਨਾਂ ਦੇ ਵਿੱਚ ਹੀ ਪਾਜ਼ੀਟਿਵ ਆਏ ਹਨ, ਜਿਸ ਕਾਰਨ ਕਰਨ ਜ਼ਿਆਦਾ ਜੋਖਮ ਨਹੀਂ ਉਠਾਉਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸ਼ੂਟਿੰਗ ਰੋਕਣ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਸਾਲ 2020 ਵਿੱਚ ਜਯਾ ਬੱਚਨ ਤੋਂ ਇਲਾਵਾ ਉਨ੍ਹਾਂ ਦੇ ਪਤੀ ਅਮਿਤਾਭ ਬੱਚਨ, ਬੇਟੇ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਬੱਚਨ ਅਤੇ ਪੋਤੀ ਆਰਾਧਿਆ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਸਨ। ਇਸ ਤੋਂ ਬਾਅਦ ਮੀਡੀਆ ‘ਚ ਦਹਿਸ਼ਤ ਫੈਲ ਗਈ। ਇਲਾਜ ਤੋਂ ਬਾਅਦ ਸਾਰਾ ਪਰਿਵਾਰ ਘਰ ਆ ਗਿਆ ਸੀ। ਪਿਛਲੇ ਮਹੀਨੇ, ਮਸ਼ਹੂਰ ਹਸਤੀਆਂ ਜਿਵੇਂ ਕਿ ਜਾਨ ਅਬ੍ਰਾਹਮ, ਮਰੁਨਾਲ ਠਾਕੁਰ, ਜਾਹਨਵੀ ਕਪੂਰ ਅਤੇ ਅਰਜੁਨ ਕਪੂਰ ਵੀ ਕੋਰੋਨਾ ਪਾਜ਼ਿਟਿਵ ਆਏ ਸਨ।