ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਚੋਣ ਮੈਦਾਨ ਵਿੱਚ ਉਤਰੀ ਕਿਸਾਨ ਜਥੇਬੰਦੀਆਂ ਦੀ ਪਾਰਟੀ ‘ਸੰਯੁਕਤ ਸਮਾਜ ਮੋਰਚਾ’ ਦੇ ਨਾਂ ਚੋਣ ਕਮਿਸ਼ਨ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ ਤੇ ਹੁਣ ਉਸ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤਾ ਗਿਆ ਹੈ। ਸੰਯੁਕਤ ਸਮਾਜ ਮੋਰਚਾ ਚੋਣ ਨਿਸ਼ਾਨ ‘ਮੰਜੇ’ ਨਾਲ ਚੋਣਾਂ ਲੜੇਗਾ।
ਹਾਲਾਂਕਿ ਕਿਸਾਨਾਂ ਵੱਲੋਂ ਚੋਣ ਕਮਿਸ਼ਨ ਤੋਂ ਟਰੈਕਟਰ ਜਾਂ ਫਿਰ ਹੱਲ ਜੋਤਦੇ ਕਿਸਾਨ ਦੀ ਚੋਣ ਨਿਸ਼ਾਨ ਵਜੋਂ ਮੰਗ ਕੀਤੀ ਗਈ ਸੀ ਪਰ ਉਸ ਬੇਨਤੀ ਨੂੰ ਵੀ ਰੱਦ ਕਰ ਦਿੱਤਾ ਗਿਆ।
ਪਹਿਲੀ ਵਾਰ ਸਿਆਸਤ ਵਿੱਚ ਉਤਰੇ ਕਿਸਾਨਾਂ ਨੂੰ ਆਪਣੀ ਪਾਰਟੀ ਰਜਿਸਟਰਡ ਕਰਵਾਉਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਜਨਵਰੀ ਵਿੱਚ ਰਜਿਸਟ੍ਰੇਸ਼ਨ ਲਈ ਦਿੱਤੀ ਗਈ ਅਰਜ਼ੀ 12 ਜਨਵਰੀ ਨੂੰ ਇਤਰਾਜ਼ਾਂ ਨਾਲ ਵਾਪਸ ਭੇਜ ਦਿੱਤੀ ਗਈ ਸੀ, ਇਸ ਲਈ ਮੋਰਚੇ ਨੇ 24 ਜਨਵਰੀ ਨੂੰ ਦੁਬਾਰਾ ਅਰਜ਼ੀ ਦਿੱਤੀ ਸੀ।
ਉਮੀਦਵਾਰਾਂ ਦੇ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਕਿਸਾਨਾਂ ਦੀ ਪਾਰਟੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ ਪਰ ਉਸ ਵੇਲੇ ਤੱਕ ਉਮੀਦਵਾਰ ਆਜ਼ਾਦ ਨਾਮਜ਼ਦਗੀਆਂ ਭਰ ਚੁੱਕੇ ਸਨ।