ਕੇਂਦਰ ਵੱਲੋਂ ਅੱਜ ਬਜਟ 2022 ਪੇਸ਼ ਕੀਤਾ ਗਿਆ ਜਿਸ ‘ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਜੰਮ ਕੇ ਨਿਸ਼ਾਨੇ ਸਾਧੇ ਹਨ। ਪੰਜਾਬ ਵਿਚ ਚੁਣਾਵੀ ਮਾਹੌਲ ਹੈ ਇਸ ਲਈ ਅਕਾਲੀ ਦਲ ਤੇ ਕਾਂਗਰਸ ਨੇ ਇਸ ਨੂੰ ਕਿਸਾਨਾਂ ਨਾਲ ਜੋੜਿਆ ਹੈ। ਨਾਲ ਹੀ ਕਾਂਗਰਸ ਸਾਂਸਦ ਮਨੀਸ਼ ਤਿਵਾੜੀ ਵਰਗੇ ਨੇਤਾਵਾਂ ਨੇ ਪੂਰੇ ਬਜਟ ਨੂੰ ਹਵਾਈ ਦੱਸਿਆ ਜਿਸ ਦੀ ਕੋਈ ਹੋਂਦ ਹੀ ਨਜ਼ਰ ਨਹੀਂ ਆਉਂਦੀ।
ਸੁਖਬੀਰ ਬਾਦਲ ਨੇ ਕਿਹਾ ਕਿ ਇੰਡਸਟਰੀ ਦਾ ਕਈ ਲੱਖ ਕਰੋੜ ਕਰਜ਼ਾ ਮੁਆਫ ਕਰ ਦਿੱਤਾ ਗਿਆ ਪਰ ਖੇਤੀਬਾੜੀ, ਗਰੀਬ ਤੇ ਕਿਸਾਨਾਂ ਲਈ ਬਜਟ ਵਿਚ ਕੁਝ ਨਹੀਂ ਦਿੱਤਾ ਗਿਆ। ਸਾਂਸਦ ਮਨੀਸ਼ ਤਿਵਾੜੀ ਨੇ ਬਜਟ ਨੂੰ ਹਵਾਈ ਦੱਸਿਆ। ਉਨ੍ਹਾਂ ਕਿਹਾ ਕਿ ਇਹ ਅਜਿਹਾ ਬਜਟ ਹੈ ਜਿਸ ਬਾਰੇ ਨਾ ਤਾਂ ਸੋਚਿਆ ਜਾ ਸਕਦਾ ਹੈ ਤੇ ਨਾ ਹੀ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਨੂੰ ਕਮਜ਼ੋਰ ਦੱਸਿਆ।