ਬੀਤੇ ਦਿਨੀਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਵੱਲੋਂ ਮਨਜ਼ੂਰ ਕਰ ਲਈ ਗਈ ਸੀ। ਪਟਿਆਲਾ ਕੇਂਦਰੀ ਜੇਲ੍ਹ ਤੋਂ ਬਾਹਰ ਆਉਂਦੀਆਂ ਹੀ ਸੁਖਪਾਲ ਖਹਿਰਾ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ। ਜੇਲ੍ਹ ਤੋਂ ਬਾਹਰ ਨਿਕਲਦਿਆਂ ਹੀ ਸੁਖਪਾਲ ਖਹਿਰਾ ਨੇ ਕਿਹਾ ਕਿ ਮੈਂ ਬੇਕਸੂਰ ਸੀ ਤੇ ਮੈਨੂੰ ਫਸਾਇਆ ਗਿਆ । ਮੈਨੂੰ ਇਸ ਗੱਲ ਦਾ ਹਮੇਸ਼ਾ ਮਲਾਲ ਰਹੇਗਾ ਕਿ ਬੇਕਸੂਰ ਹੁੰਦਿਆਂ ਵੀ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਢਾਈ ਮਹੀਨੇ ਜੇਲ੍ਹ ਵਿਚ ਕੱਟਣੇ ਪਏ।
ਹੋਰ ਦੱਸਦਿਆਂ ਸੁਖਪਾਲ ਖਹਿਰਾ ਨੇ ਕਿਹਾ ਜੇਲ੍ਹ ਵਿਚ ਕਈ ਅਜਿਹੇ ਬੰਦੇ ਵੀ ਹਨ ਜਿਨ੍ਹਾਂ ਦੀਆਂ ਜ਼ਮਾਨਤਾਂ ਵੀ ਹੋ ਚੁੱਕੀਆਂ ਹਨ। ਉਹ ਅੱਜ ਸ਼ਾਮ 4 ਵਜੇ ਪ੍ਰੈੱਸ ਕਾਨਫਰੰਸ ਕਰਕੇ ਲੋਕਾਂ ਸਾਹਮਣੇ ਰੂ-ਬ-ਰੂ ਹੋਣਗੇ ਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀ ਅਗਲੀ ਰਣਨੀਤੀ ਬਾਰੇ ਦੱਸਣਗੇ।
ਗੌਰਤਲਬ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਭੁਲੱਥ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਅਦਾਲਤ ਨੇ ਕਿਹਾ ਕਿ ਖਹਿਰਾ ਨੂੰ ਚੋਣ ਪਰਚਾ ਦਾਖਲ ਕਰਨ ਦੀ ਮਨਜੂਰੀ ਦਿੰਦਿਆਂ ਜੇਲ ਅਥਾਰਿਟੀ ਨੂੰ ਹੁਕਮ ਦਿੱਤੇ ਹਨ ਕਿ ਉਹ ਸੁਖਪਾਲ ਖਹਿਰਾ ਨੂੰ 31 ਜਨਵਰੀ ਨੂੰ ਚੋਣ ਅਧਿਕਾਰੀ ਅੱਗੇ ਪੇਸ਼ ਕਰਨ ਤਾਂ ਕਿ ਉਹ ਆਪਣਾ ਨਾਂਮਾਕਣ ਦਾਖਲ ਕਰ ਸਕਣ। ਨਾਲ ਹੀ ਜੇਲ੍ਹ ਅਥਾਰਿਟੀ ਨੂੰ ਅਦਾਲਤ ਨੇ ਕਿਹਾ ਹੈ ਕਿ ਜੇਕਰ ਕਿਸੇ ਕਾਰਨ ਖਹਿਰਾ 31 ਜਨਵਰੀ ਨੂੰ ਪਰਚਾ ਦਾਖਲ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ 1 ਫਰਵਰੀ ਨੂੰ ਨਾਮਜ਼ਦਗੀ ਭਰਨ ਲਈ ਲਿਜਾਇਆ ਜਾਵੇ।