Site icon SMZ NEWS

‘ਸਿਆਸਤ ਛੱਡ ਦੇਵਾਂਗਾ ਜੇ ਮਜੀਠੀਆ ਖਿਲਾਫ ਇੱਕ ਵੀ ਸਬੂਤ ਮਿਲ ਜਾਵੇ’ : ਸੁਖਬੀਰ ਸਿੰਘ ਬਾਦਲ

ਸਾਬਕਾ ਅਕਾਲੀ ਆਗੂ ਤੇ ਮੰਤਰੀ ਬਿਕਰਮ ਸਿੰਘ ਮਜੀਠੀਆ ਮੰਗਲਵਾਰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਵੱਲੋਂ ਇਸ ਮਾਮਲੇ ਵਿੱਚ ਮਜੀਠੀਆ ਦੀ ਗ੍ਰਿਫ਼ਤਾਰੀ ‘ਤੇ 3 ਦਿਨ ਲਈ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਕੀਤੀ।

ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਮਜੀਠੀਆ ‘ਤੇ ਝੂਠਾ ਕੇਸ ਪਾਇਆ ਗਿਆ ਹੈ। ਵੱਡੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮਜੀਠੀਆ ਖਿਲਾਫ ਇੱਕ ਵੀ ਸਬੂਤ ਮਿਲ ਜਾਂਦਾ ਹੈ ਤੇ ਉਸ ਦੀ ਸ਼ਮੂਲੀਅਤ ਡਰੱਗ ਕੇਸ ਵਿਚ ਸਾਬਤ ਹੋ ਜਾਂਦੀ ਹੈ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਉਨ੍ਹਾਂ ਕਿਹਾ ਕਿ ਮਜੀਠੀਆ ਖਿਲਾਫ ਬਣਾਇਆ ਗਿਆ ਡਰੱਗ ਕੇਸ ਝੂਠ ਤੇ ਫਰੇਬ ਦਾ ਪੁਲੰਦਾ ਹੈ। ਮਜੀਠੀਆ ਖਿਲਾਫ ਕੇਸ ਇਸ ਲਈ ਦਰਜ ਕੀਤਾ ਗਿਆ ਕਿਉਂਕਿ ਉਸ ਨੇ ਅੱਗੇ ਹੋ ਕੇ ਚੰਨੀ ਤੇ ਸਿੱਧੂ ਖਿਲਾਫ ਆਵਾਜ਼ ਬੁਲੰਦ ਕੀਤੀ ਸੀ।

ਬਾਦਲ ਨੇ ਕਿਹਾ ਕਿ ਚੰਨੀ ਸਰਕਾਰ ਦਾ ਵੱਡਾ ਮੋਹਰਾ ਡੀਜੀਪੀ ਚਟੋਪਿਧਾਇਆਏ ਸੀ। ਇੱਕ ਇੰਗਲਿਸ਼ ਅਖਬਾਰ ਵੱਲੋਂ DGP ਦੀ ਟੇਪ ਰਿਕਾਰਡਿੰਗ ਸਾਰਿਆਂ ਸਾਹਮਣੇ ਜ਼ਾਹਿਰ ਕੀਤੀ ਗਈ ਜਿਸ ਵਿਚ DGP ਕੁਝ ਹੋਰ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਇਹ ਪਲਾਨਿੰਗ ਕਰ ਰਹੇ ਹਨ ਕਿ ਕਿਵੇਂ ਡਰੱਗ ਦਾ ਕੇਸ ਬਣਾਇਆ ਜਾਵੇ ਤੇ ਕਿਵੇਂ ਭੋਲੇ ਨਾਲ ਲਿੰਕ ਕੀਤਾ ਜਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਚੰਨੀ ਤੇ ਸਿੱਧੂ ਦਾ ਇੱਕੋ-ਇਕ ਨਿਸ਼ਾਨਾ ਸੀ ਕਿ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਖਿਲਾਫ ਕੇਸ ਕੀਤਾ ਜਾਵੇ ਜਾਂ ਬਿਕਰਮ ਮਜੀਠੀਆ ਖਿਲਾਫ ਕੋਈ ਸਾਜ਼ਿਸ਼ ਰਚੀ ਜਾਵੇ।

Exit mobile version