CoronavirusNationNewsWorld

ਕੋਵਿਡ ‘ਤੇ ਦੋ ਸਾਲਾਂ ਤੱਕ ਕਾਬੂ ਪਾਉਣ ਵਾਲੇ ਇਸ ਦੇਸ਼ ‘ਚ ਫਟਿਆ ‘ਕੋਰੋਨਾ ਬੰਬ’, ਪਹਿਲੀ ਵਾਰ ਲਗਾਇਆ ਲੌਕਡਾਊਨ

ਕੋਰੋਨਾ ਵਾਇਰਸ ਨੇ ਪਿਛਲੇ ਦੋ ਸਾਲਾਂ ਤੋਂ ਦੁਨੀਆ ਭਰ ਵਿੱਚ ਹਾਹਾਕਾਰ ਮਚਾ ਦਿੱਤੀ ਹੈ। ਇਸ ਕਾਰਨ ਕਈ ਦੇਸ਼ਾਂ ‘ਚ ਲੌਕਡਾਊਨ ਵੀ ਲਗਾਉਣਾ ਪਿਆ ਹੈ, ਜਦਕਿ ਕੁੱਝ ਥਾਵਾਂ ‘ਤੇ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ।

kiribati goes into first lockdown
kiribati goes into first lockdown

ਹਾਲਾਂਕਿ, ਇਸ ਤੋਂ ਬਾਅਦ ਵੀ, ਕੁੱਝ ਦੇਸ਼ ਅਜਿਹੇ ਹਨ ਜਿੱਥੇ ਹੁਣ ਤੱਕ ਲੌਕਡਾਊਨ ਲਗਾਉਣ ਦੀ ਜ਼ਰੂਰਤ ਨਹੀਂ ਪਈ ਹੈ। ਪਰ ਹੁਣ ਕੋਰੋਨਾ ਦੇ ਵੱਧਦੇ ਖ਼ਤਰੇ ਦੇ ਵਿਚਕਾਰ ਇਨ੍ਹਾਂ ਦੇਸ਼ਾਂ ਵਿੱਚ ਵੀ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਰਅਸਲ, ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਇੱਕ ਟਾਪੂ ਦੇਸ਼ ਕਿਰੀਬਾਤੀ ਵਿੱਚ ਤਾਲਾਬੰਦੀ ਲਾਗੂ ਕੀਤੀ ਗਈ ਹੈ। 10 ਮਹੀਨਿਆਂ ਵਿੱਚ ਪਹਿਲੀ ਵਾਰ ਇੱਕ ਅੰਤਰਰਾਸ਼ਟਰੀ ਉਡਾਣ ਇੱਥੇ ਪਹੁੰਚੀ, ਪਰ ਜਹਾਜ਼ ਵਿੱਚ ਸਵਾਰ ਯਾਤਰੀਆਂ ਦੇ ਸੰਕਰਮਿਤ ਹੋਣ ਤੋਂ ਬਾਅਦ, ਦੇਸ਼ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ।

ਨਵੇਂ ਨਿਯਮਾਂ ਦੇ ਤਹਿਤ, ਲੋਕਾਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ ਅਤੇ ਸਮਾਜਿਕ ਇਕੱਠਾਂ ‘ਤੇ ਪਾਬੰਦੀ ਲਗਾਈ ਗਈ ਹੈ। ਫਿਜੀ ਤੋਂ ਆਈ ਫਲਾਈਟ ਵਿੱਚ ਕਰੀਬ 36 ਲੋਕ ਕੋਵਿਡ ਸੰਕਰਮਿਤ ਪਾਏ ਗਏ ਸਨ। ਇਸ ਦੇ ਨਾਲ ਹੀ ਕਮਿਊਨਿਟੀ ਟਰਾਂਸਮਿਸ਼ਨ ਕਾਰਨ ਚਾਰ ਲੋਕ ਸੰਕਰਮਿਤ ਹੋਏ ਹਨ। ਪਿਛਲੇ ਹਫ਼ਤੇ ਤੱਕ ਕਿਰੀਬਾਤੀ ਵਿੱਚ ਕੋਵਿਡ ਦੇ ਸਿਰਫ਼ ਦੋ ਮਾਮਲੇ ਸਾਹਮਣੇ ਆਏ ਸਨ। ਕਿਰੀਬਾਤੀ ਦੁਨੀਆ ਦੇ ਸਭ ਤੋਂ ਅਲੱਗ ਟਾਪੂਆਂ ਵਿੱਚੋਂ ਇੱਕ ਹੈ। ਇਹ ਇਸਦੇ ਨਜ਼ਦੀਕੀ ਮਹਾਂਦੀਪ, ਉੱਤਰੀ ਅਮਰੀਕਾ ਤੋਂ ਲਗਭਗ 5,000 ਕਿਲੋਮੀਟਰ ਦੂਰ (3,100 ਮੀਲ) ਹੈ। ਇੱਥੇ ਆਉਣ ਵਾਲੇ ਜ਼ਿਆਦਾਤਰ ਲੋਕ ਸੈਲਾਨੀ ਹਨ, ਜੋ ਦੇਸ਼ ਦੇ ਸੁੰਦਰ ਬੀਚਾਂ ਦਾ ਆਨੰਦ ਲੈਣ ਲਈ ਇੱਥੇ ਪਹੁੰਚਦੇ ਹਨ।

ਸਰਕਾਰ ਨੇ ਕਿਹਾ ਕਿ ਫਲਾਈਟ ਦੇ 54 ਯਾਤਰੀਆਂ ਵਿੱਚੋਂ 36 ਕੋਵਿਡ ਸੰਕਰਮਿਤ ਪਾਏ ਗਏ ਹਨ। ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਹੈ ਕਿ ਸਿਹਤ ਅਧਿਕਾਰੀਆਂ ਦੁਆਰਾ ਸਾਰੇ ਯਾਤਰੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਰਕਾਰ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਸੀ। ਹਾਲਾਂਕਿ, ਕੁਆਰੰਟੀਨ ਦੀ ਸੁਰੱਖਿਆ ਟੀਮ ਦੇ ਤਿੰਨ ਮੈਂਬਰ ਸੰਕਰਮਿਤ ਪਾਏ ਗਏ ਹਨ। ਕੁਆਰੰਟੀਨ ਸੈਂਟਰ ਵਿੱਚ ਕੰਮ ਨਾ ਕਰਨ ਵਾਲਾ ਇੱਕ ਹੋਰ ਵਿਅਕਤੀ ਵੀ ਕੋਰੋਨਾ ਨਾਲ ਪੌਜੇਟਿਵ ਆਇਆ ਹੈ। ਸ਼ਨੀਵਾਰ ਨੂੰ ਕਿਰੀਬਾਤੀ ਵਿੱਚ ਲੌਕਡਾਊਨ ਲਾਗੂ ਕੀਤਾ ਗਿਆ ਸੀ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਦੋਂ ਤੱਕ ਚੱਲੇਗਾ।

ਹੁਕਮਾਂ ‘ਚ ਕਿਹਾ ਗਿਆ ਹੈ ਕਿ ਲੋਕ ਜਦੋਂ ਤੱਕ ਜ਼ਰੂਰੀ ਨਾ ਹੋਵੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਲੋਕ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਦੁਕਾਨਾਂ ਤੋਂ ਜ਼ਰੂਰੀ ਚੀਜ਼ਾਂ ਖਰੀਦ ਸਕਦੇ ਹਨ। ਰਾਸ਼ਟਰਪਤੀ ਤਨੇਤੀ ਮਾਮਾਉ ਦੇ ਦਫ਼ਤਰ ਨੇ ਫੇਸਬੁੱਕ ‘ਤੇ ਕਿਹਾ, “ਇਸ ਵਾਇਰਸ ਨਾਲ ਲੜਨ ਦਾ ਟੀਕਾਕਰਨ ਹੀ ਇੱਕੋ ਇੱਕ ਤਰੀਕਾ ਹੈ।” ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ। ਇਸ ਦੇ ਨਾਲ ਹੀ, ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ 1.2 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਵਿੱਚ ਕਿੰਨੇ ਲੋਕਾਂ ਦਾ ਟੀਕਾਕਰਨ ਪੂਰਾ ਹੋ ਗਿਆ ਹੈ।

Comment here

Verified by MonsterInsights