ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਐਤਵਾਰ ਨੂੰ ਸੱਯਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ। ਫਾਈਨਲ ਵਿੱਚ ਸਿੰਧੂ ਨੇ ਹਮਵਤਨ ਮਾਲਵਿਕਾ ਬੰਸੋਦ ਨੂੰ ਸਿੱਧੀ ਗੇਮ ਵਿੱਚ 21-13, 21-16 ਨਾਲ ਹਰਾਇਆ। ਸਿੰਧੂ ਨੇ ਪੂਰੇ ਮੈਚ ‘ਚ ਦਬਦਬਾ ਬਣਾਇਆ ਅਤੇ ਖਿਤਾਬ ਜਿੱਤ ਲਿਆ।
BWF ਰੈਂਕਿੰਗ ‘ਚ ਸੱਤਵੇਂ ਸਥਾਨ ‘ਤੇ ਕਾਬਜ਼ ਸਿੰਧੂ ਨੇ ਸੈਮੀਫਾਈਨਲ ‘ਚ ਪੰਜਵਾਂ ਦਰਜਾ ਪ੍ਰਾਪਤ ਰੂਸੀ ਵਿਰੋਧੀ ਇਵਗੇਨੀਆ ਕੋਸੇਤਸਕਾਇਆ ਦੇ ਰਿਟਾਇਰਡ ਹਰਟ ਹੋਣ ਨਾਲ ਫਾਈਨਲ ‘ਚ ਜਗ੍ਹਾ ਬਣਾਈ ਸੀ। ਦੂਜੇ ਪਾਸੇ ਮਾਲਵਿਕਾ ਨੇ ਤਿੰਨ ਗੇਮਾਂ ਦੇ ਸੈਮੀਫਾਈਨਲ ‘ਚ ਇਕ ਹੋਰ ਭਾਰਤੀ ਅਨੁਪਮਾ ਉਪਾਧਿਆਏ ਨੂੰ 19-21, 21-19, 21-7 ਨਾਲ ਹਰਾਇਆ।
ਸਿਖਰਲਾ ਦਰਜਾ ਪ੍ਰਾਪਤ ਪੀਵੀ ਸਿੰਧੂ ਨੇ ਇਸ ਮੈਚ ਵਿੱਚ ਕਮਾਲ ਦੀ ਫੁਰਤੀ ਦਿਖਾਉਂਦੇ ਹੋਏ ਮਾਲਵਿਕਾ ਦੀ ਇੱਕ ਵੀ ਨਹੀਂ ਚੱਲਣ ਦਿੱਤੀ। 26 ਸਾਲਾਂ ਸਿੰਧੂ ਨੇ ਆਪਣੇ ਤਜ਼ਰਬੇ ਦਾ ਪੂਰਾ ਇਸਤੇਮਾਲ ਕਰਦੇ ਹੋਏ ਇਹ ਮੈਚ ਸਿਰਫ 35 ਮਿੰਟਾਂ ‘ਚ ਜਿੱਤ ਲਿਆ।
ਪੀਵੀ ਸਿੰਧੂ ਦਾ ਇਹ ਸਾਲ 2022 ਦਾ ਪਹਿਲਾ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਨਾਲ ਸਾਲ ਦੀ ਸ਼ੁਰੂਆਤ ਕੀਤੀ ਸੀ। ਸਿੰਧੂ ਸੈਮੀਫਾਈਨਲ ‘ਚ ਹਾਰ ਕੇ ਇੰਡੀਆ ਓਪਨ ‘ਚ ਖਿਤਾਬ ਜਿੱਤਣ ਤੋਂ ਖੁੰਝ ਗਈ ਸੀ। ਇਸ ਤੋਂ ਪਹਿਲਾਂ ਸਾਲ 2021 ਵਿੱਚ ਸਿੰਧੂ ਨੂੰ ਫਾਈਨਲ ਦਾ ਡਰ ਸੀ। ਉਹ ਆਪਣੇ ਦਮਦਾਰ ਪ੍ਰਦਰਸ਼ਨ ਦੇ ਦਮ ‘ਤੇ ਫਾਈਨਲ ਤੱਕ ਤਾਂ ਪਹੁੰਚ ਰਹੀ ਸੀ ਪਰ ਫਾਈਨਲ ‘ਚ ਹਾਰ ਰਹੀ ਸੀ।