ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਘਰ ਈਡੀ ਦੇ ਛਾਪੇ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਭਖ਼ ਗਈ ਹੈ। ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੱਡੇ ਹਮਲੇ ਬੋਲੇ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਈਡੀ ਦੀ ਰੇਡ ਵਿੱਚ ਭੁਪਿੰਦਰ ਸਿੰਘ ਹਨੀ ਦੇ ਘਰੋਂ 10 ਕਰੋੜ ਰੁਪਏ ਦੀ ਰਕਮ ਬਰਾਮਦ ਹੋਈ। ਅੱਜ ਤੱਕ ਕਿਸੇ ਕੋਲੋਂ ਈਡੀ ਦੀ ਰੇਡ ਵਿੱਚ ਸੂਬੇ ‘ਚ ਇੰਨਾ ਪੈਸਾ ਨਹੀਂ ਫੜਿਆ ਗਿਆ। ਇਹ ਪੰਜਾਬ ਦੇ ਲੋਕਾਂ ਤੋਂ ਲੁੱਟ ਕੇ ਖਾਧਾ ਹੋਇਆ ਪੈਸਾ ਹੈ।
ਸੀ.ਐੱਮ. ਚੰਨੀ ‘ਤੇ ਹਮਲਾ ਬੋਲਦਿਆਂ ‘ਆਪ’ ਆਗੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਪਹਿਲਾਂ ਐਲਾਨ ਕਰਕੇ ਬੋਰਡ ਲਾ ਦਿੱਤੇ, ਐਲਾਨਾਂ ਵਿੱਚ ਕੋਈ ਸੱਚਾਈ ਨਹੀਂ ਸੀ। ਹੁਣ ਉਨ੍ਹਾਂ ਨੂੰ ਪਤਾ ਹੈ ਕਿ ਕਾਂਗਰਸ ਦੁਬਾਰਾ ਤਾਂ ਆਉਣੀ ਨਹੀਂ ਤੇ ਉਨ੍ਹਾਂ ਨੇ ਆਪਣੇ ਰਸ਼ਤੇਦਾਰਾਂ ਰਾਹੀਂ ਆਪਣਾ ਵਾਧਾ ਤੇ ਵਿਕਾਸ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਇਹ ਤਾਂ ਈਡੀ ਨੇ ਰੇਡ ਮਾਰੀ ਤਾਂ 10 ਕਰੋੜ ਫੜਿਆ ਗਿਆ, ਜੇ ਸੀ.ਐੱਮ. ਚੰਨੀ ਦੇ ਇਕੱਲੇ-ਇਕੱਲੇ ਰਿਸ਼ਤੇਦਾਰ, ਲੀਡਰ ਤੇ ਵਿਧਾਇਕਾਂ ‘ਤੇ ਰੇਡ ਮਾਰੀ ਜਾਵੇ ਤਾਂ ਇਨ੍ਹਾਂ ਨੇ ਵੀ ਕਈ ਬੇਨਾਮੀ ਪ੍ਰਾਪਰਟੀਆਂ ਆਪਣੇ ਨਾਂ ਕੀਤੀਆਂ ਹੋਈਆਂ ਨੇ। ਮੁੱਖ ਮੰਤਰੀ ਜਵਾਬ ਦੇਣ ਕਿ ਇੰਨਾ ਪੈਸਾ ਆਇਆ ਕਿੱਥੋਂ।
ਅਨਮੋਲ ਗਗਨ ਨੇ ਅੱਗੇ ਕਿਹਾ ਕਿ ਭੁਪਿੰਦਰ ਸਿੰਘ ਹਨੀ ਸੀ.ਐੱਮ. ਚੰਨੀ ਦਾ ਬਹੁਤ ਹੀ ਕਰੀਬੀ ਬੰਦਾ ਸੀ। ਉਸ ਕੋਲ ਕੋਈ ਸਰਕਾਰੀ ਅਹੁਦਾ ਵੀ ਨਹੀਂ ਸੀ ਪਰ ਫਿਰ ਵੀ ਉਸ ਨੂੰ ਸਕਿਓਰਿਟੀ ਦਿੱਤੀ ਗਈ ਸੀ ਤਾਂਜੋ ਗੈਰ-ਕਾਨੂੰਨੀ ਮਾਈਨਿੰਗ ਕਰਨ ਵਿੱਚ ਕੋਈ ਅੜਚਨ ਨਾ ਆਵੇ।