ਈਰਾਨ ਵਿੱਚ ਆਰਥਿਕ ਭ੍ਰਿਸ਼ਟਾਚਾਰ ਦਾ ਵਿਰੋਧ ਕਰਨਾ ਇੱਕ ਪਹਿਲਵਾਨ ਨੂੰ ਇੰਨਾ ਮਹਿੰਗਾ ਪਿਆ ਹੈ ਕਿ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਮੁੱਕੇਬਾਜ਼ੀ ਚੈਂਪੀਅਨ ਦਾ ਨਾਮ ਮੁਹੰਮਦ ਜਵਾਦ ਹੈ, ਜਿਸ ਦੀ ਉਮਰ 26 ਸਾਲ ਹੈ।
ਦੱਸਿਆ ਜਾ ਰਿਹਾ ਹੈ ਕਿ ਨਵੰਬਰ 2019 ‘ਚ ਹੋਏ ਵਿਰੋਧ ਪ੍ਰਦਰਸ਼ਨਾਂ ਕਾਰਨ ਜਵਾਦ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਨਾਲ ਹੀ ਸਾਲ 2020 ਵਿੱਚ ਇੱਕ ਪਹਿਲਵਾਨ ਨਾਵਿਦ ਅਫਕਾਰੀ ਨੂੰ ਵੀ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਇਜ਼ਰਾਈਲੀ ਅਖਬਾਰ ਮੁਤਾਬਿਕ ਨਾਵਿਦ ਨੂੰ ਬਚਾਉਣ ਲਈ ਮੁਹਿੰਮ ਚਲਾਉਣ ਵਾਲੀ ਪੱਤਰਕਾਰ ਅਤੇ ਮਨੁੱਖੀ ਅਧਿਕਾਰ ਕਾਰਕੁਨ ਮਸੀਹ ਅਲੀਨਜਾਦ ਨੇ ਮੁਹੰਮਦ ਜਾਵੇਦ ਨੂੰ ਮਿਲੀ ਸਜ਼ਾ ਬਾਰੇ ਦੁਨੀਆ ਨੂੰ ਦੱਸਿਆ ਹੈ। ਮਸੀਹ ਨੇ ਟਵੀਟ ਕੀਤਾ ਕਿ, ਈਰਾਨ ਵਿੱਚ ਇੱਕ ਹੋਰ ਪਹਿਲਵਾਨ ਨੂੰ ਨਵੰਬਰ 2019 ਵਿੱਚ ਪ੍ਰਦਰਸ਼ਨ ਕਰਨ ਲਈ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮੁਹੰਮਦ ਜਵਾਦ ਬਾਕਸਿੰਗ ਚੈਂਪੀਅਨ ਹੈ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਮਸੀਹ ਨੇ ਦੁਨੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਈਰਾਨੀ ਪਹਿਲਵਾਨ ਨਾਵਿਦ ਅਫਕਾਰੀ ਨੂੰ ਬਚਾਉਣ ‘ਚ ਅਸਫਲ ਰਹੇ ਸੀ। ਹੁਣ ਜਦੋਂ ਇੱਕ ਹੋਰ ਪਹਿਲਵਾਨ ਦੀ ਜਾਨ ‘ਤੇ ਬਣ ਆਈ ਹੈ, ਤਾਂ ਦੁਨੀਆ ਭਰ ਦੇ ਖਿਡਾਰੀ ਇਸ ਵਾਰ ਸਾਡੀ ਮਦਦ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੁਹੰਮਦ ਜਾਵੇਦ ਵਫਾਈ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਿਕ ਨਾਵਿਦ ਅਫਕਾਰੀ ਦੀ ਮੌਤ ਦੀ ਸਜ਼ਾ ਤੋਂ ਬਾਅਦ ਦੋ ਹੋਰ ਐਥਲੀਟਾਂ ਨੂੰ ਫਾਂਸੀ ‘ਤੇ ਲਟਕਾ ਦਿੱਤਾ ਗਿਆ ਸੀ। ਮੁੱਕੇਬਾਜ਼ ਅਲੀ ਮੁਤੈਰੀ ਨੂੰ ਜੇਲ੍ਹ ਵਿੱਚ ਤਸੀਹੇ ਦਿੱਤੇ ਗਏ ਸਨ, ਜਦਕਿ ਪਹਿਲਵਾਨ ਮੇਹਦੀ ਅਲੀ ਹੁਸੈਨੀ ਨੂੰ ਪਿਛਲੇ ਸਾਲ ਫਾਂਸੀ ਦਿੱਤੀ ਗਈ ਸੀ।
ਮੀਡੀਆ ਰਿਪੋਟਾਂ ਮੁਤਾਬਿਕ ਈਰਾਨ ‘ਚ ਹਰ ਸਾਲ ਕਰੀਬ 250 ਲੋਕਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇੱਥੇ ਬਹੁਤ ਬੇਰਹਿਮੀ ਨਾਲ ਫਾਂਸੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੋੜਿਆਂ ਦੀ ਵਰਖਾ ਕੀਤੀ ਜਾਂਦੀ ਹੈ।