ਭਾਰਤ ਦੇ ਸਾਬਕਾ ਕਪਤਾਨ ਸਚਿਨ ਤੇਂਦੁਲਕਰ ‘ਰੋਡ ਸੇਫਟੀ ਵਰਲਡ ਸੀਰੀਜ਼’ ਟੂਰਨਾਮੈਂਟ ਦੇ ਦੂਜੇ ਪੜਾਅ ਵਿੱਚ ਨਹੀਂ ਖੇਡਣਗੇ ਕਿਉਂਕਿ ਤੇਂਦੁਲਕਰ ਸਣੇ ਕਈ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਪਹਿਲੇ ਸੀਜ਼ਨ ਦੀ ਬਕਾਇਆ ਰਕਮ ਦਾ ਭੁਗਤਾਨ ਨਾ ਕਰਨ ਦੀ ਸ਼ਿਕਾਇਤ ਕੀਤੀ ਹੈ।
ਦੱਸਣਯੋਗ ਹੈ ਕਿ ਰੋਡ ਸੇਫਟੀ ਵਰਲਡ ਸੀਰੀਜ਼ ਦਾ ਪਹਿਲਾ ਸੀਜ਼ਨ ਇੰਡੀਆ ਲੀਜੇਂਡਸ ਨੇ ਜਿੱਤਿਆ ਸੀ। ਟੀਮ ਦੀ ਕਮਾਨ ਸਚਿਨ ਤੇਂਦੁਲਕਰ ਦੇ ਕੋਲ ਹੀ ਸੀ। ਇਸ ਟੂਰਨਾਮੈਂਟ ਵਿੱਚ ਸੰਨਿਆਸ ਲੈ ਚੁੱਕੇ ਅੰਤਰਰਾਸ਼ਟਰੀ ਖਿਡਾਰੀ ਹਿੱਸਾ ਲੈਂਦੇ ਹਨ।
ਪਹਿਲੇ ਗੇੜ ਦਾ ਖਿਤਾਬ ਜਿੱਤਣ ਵਾਲੇ ਇੰਡੀਆ ਲੀਜੈਂਡਜ਼ ਲਈ ਖੇਡਣ ਵਾਲੇ ਤੇਂਦੁਲਕਰ ਨੂੰ ਵੀ ਪਹਿਲੇ ਸੀਜ਼ਨ ਦੀ ਪੂਰੀ ਫੀਸ ਦਾ ਭੁਗਤਾਨ ਨਹੀਂ ਕੀਤਾ ਗਿਆ ਅਤੇ ਹੁਣ ਉਨ੍ਹਾਂ ਨੇ ਟੂਰਨਾਮੈਂਟ ਤੋਂ ਪੂਰੀ ਤਰ੍ਹਾਂ ਹਟਣ ਦਾ ਫੈਸਲਾ ਕੀਤਾ ਹੈ।
ਬੰਗਲਾਦੇਸ਼ ਦੇ ਮੀਡੀਆ ‘ਚ ਅਜਿਹੀਆਂ ਖਬਰਾਂ ਆਈਆਂ ਹਨ ਕਿ ਦੇਸ਼ ਦੇ ਕੁਝ ਚੋਟੀ ਦੇ ਸਾਬਕਾ ਖਿਡਾਰੀਆਂ, ਜਿਨ੍ਹਾਂ ‘ਚ ਖਾਲਿਦ ਮਹਿਮੂਦ ‘ਸੁਜ਼ਨ’, ਖਾਲਿਦ ਮਸ਼ੂਦ ‘ਪਾਇਲਟ’, ਮਹਿਰਾਬ ਹੁਸੈਨ, ਰਾਜੀਨ ਸਾਲੇਹ, ਹੰਨਾਨ ਸਰਕਾਰ ਅਤੇ ਨਫੀਸ ਇਕਬਾਲ ਸ਼ਾਮਲ ਹਨ, ਨੂੰ ਅਜੇ ਤੱਕ ਭੁਗਤਾਨ ਨਹੀਂ ਕੀਤਾ ਗਿਆ ਹੈ। ਤੇਂਦੁਲਕਰ ਟੂਰਨਾਮੈਂਟ ਦੇ ਪਹਿਲੇ ਪੜਾਅ ਦੇ ‘ਬ੍ਰਾਂਡ ਅੰਬੈਸਡਰ’ ਵੀ ਸਨ ਅਤੇ ਸੁਨੀਲ ਗਾਵਸਕਰ ਮੁਕਾਬਲੇ ਦੇ ਕਮਿਸ਼ਨਰ ਸਨ।
ਇਸ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ, ‘ਸਚਿਨ ਇਸ ‘ਰੋਡ ਸੇਫਟੀ ਵਰਲਡ ਸੀਰੀਜ਼’ ਸੈਸ਼ਨ ਦਾ ਹਿੱਸਾ ਨਹੀਂ ਹੋਣਗੇ। ਇਹ ਟੂਰਨਾਮੈਂਟ 1 ਤੋਂ 19 ਮਾਰਚ ਤੱਕ ਯੂਏਈ ਵਿੱਚ ਹੋਵੇਗਾ ਪਰ ਸਚਿਨ ਕਿਸੇ ਵੀ ਤਰ੍ਹਾਂ ਨਾਲ ਟੂਰਨਾਮੈਂਟ ਦਾ ਹਿੱਸਾ ਨਹੀਂ ਹੋਣਗੇ।