ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਕਈ ਸੂਬਿਆਂ ਵਿਚ ਕੜਾਕੇ ਦੀ ਠੰਡ ਪੈਂਦੀ ਦਿਖ ਰਹੀ ਹੈ ਜਿਸ ਨਾਲ ਅਗਲੇ ਕੁਝ ਦਿਨਾਂ ਤੱਕ ਰਾਹਤ ਮਿਲਦੀ ਨਹੀਂ ਦਿਖ ਰਹੀ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਦਿੱਲੀ, ਬਿਹਾਰ, ਯੂ. ਪੀ., ਮੱਧਪ੍ਰਦੇਸ਼ ਤੇ ਰਾਜਸਥਾਨ ਵਿਚ ਅੱਜ ਤੇ ਕੱਲ੍ਹ ਲਈ ਕੋਲਡ ਡੇ ਦਾ ਅਨੁਮਾਨ ਲਗਾਇਆ ਗਿਆ ਹੈ। ਪਹਾੜੀ ਸੂਬਿਆਂ ਵਿਚ ਮੀਂਹ ਤੇ ਬਰਫਬਾਰੀ ਹੋਣ ਦੀ ਪੂਰੀ ਸੰਭਾਵਨਾ ਹੈ। ਜੰਮੂ-ਕਸ਼ਮੀਰ ਵਿਚ ਇਸ ਦੀ ਸ਼ੁਰੂਆਤ ਹੁੰਦੀ ਦਿਖ ਰਹੀ ਹੈ।
ਦਿੱਲੀ ਵਿਚ ਕੜਾਕੇ ਦੀ ਠੰਡ ਦਾ ਦੌਰ ਬੀਤੇ ਕਈ ਦਿਨਾਂ ਤੋਂ ਲਗਾਤਾਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ, NCR ਵਿਚ ਮੰਗਲਵਾਰ ਨੂੰ ਲਗਾਤਾਰ 6ਵਾਂ ਦਿਨ ਠੰਡਾ ਰਿਹਾ। ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਘੱਟ ਦਰਜ ਹੋਇਆ ਤੇ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ ਲਗਭਗ 4 ਡਿਗਰੀ ਸੈਲਸੀਅਸ ਤੋਂ ਘੱਟ ਰਿਹਾ। ਨਾਲ ਹੀ ਦਿੱਲੀ ਵਿਚ 22 ਜਨਵਰੀ ਤੋਂ ਦੋ ਦਿਨ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਰਾਜਸਥਾਨ : ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿਚ ਰਾਤ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਬਣਿਆ ਹੋਇਆ ਹੈ। ਰਾਜਧਾਨੀ ਜੈਪੁਰ ਵਿਚ ਸੋਮਵਾਰ ਰਾਤ ਘੱਟੋ-ਘੱਟ ਤਾਪਮਾਨ 6.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਮੰਗਲਵਾਰ ਸਵੇਰ ਤੋਂ ਹੀ ਧੁੱਪ ਨਾਲ ਲੋਕਾਂ ਨੂੰ ਰਾਹਤ ਮਿਲੀ। ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ 21 ਜਨਵਰੀ ਨੂੰ ਨਵਾਂ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਨਾਲ ਜੋਧਪੁਰ, ਬੀਕਾਨੇਰ, ਅਜਮੇਰ, ਜੈਪੁਰ ਦੇ ਕਈ ਜ਼ਿਲ੍ਹਿਆਂ ਵਿਚ ਹਲਕੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ।
IMD ਮੁਤਾਬਕ ਜੰਮੂ ਦੇ ਮੈਦਾਨੀ ਇਲਾਕਿਆਂ ਵਿਚ ਹਲਕੀ ਬਾਰਿਸ਼ ਦਾ ਅਨੁਮਾਨ ਹੈ ਤੇ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿਚ ਹਲਕੀ ਬਰਫਬਾਰੀ ਹੋ ਸਕਦੀ ਹੈ। 21 ਤੇ 22 ਜਨਵਰੀ ਨੂੰ ਜੰਮੂ-ਕਸ਼ਮੀਰ ਵਿਚ ਹਲਕੀ ਤੋਂ ਮੱਧਮ ਬਰਫਬਾਰੀ ਦਾ ਵੀ ਅਨੁਮਾਨ ਹੈ। ਮੌਸਮ ਵਿਗਿਆਨਕਾਂ ਨੇ ਇੱਕ ਹਫਤੇ ਤੱਕ ਤਾਪਮਾਨ ਦੇ ਵਧਣ ਦਾ ਅਨੁਮਾਨ ਲਗਾਇਆ ਹੈ। ਜਨਵਰੀ ਦੇ ਅਖੀਰਲੇ ਹਫਤੇ ਤੋਂ ਤਾਪਮਾਨ ਹੇਠਾਂ ਹੋਣਾ ਸ਼ੁਰੂ ਹੋ ਜਾਵੇਗਾ। ਮੌਸਮ ਵਿਚ ਬਦਲਾਅ ਦੀ ਵਜ੍ਹਾ ਪੂਰਬੀ ਅਰਬ ਸਾਗਰ ਵਿਚ ਬਣਿਆ ਮਾਮੂਲੀ ਘੱਟ ਦਬਾਅ ਦਾ ਖੇਤਰ ਦੱਸਿਆ ਜਾ ਰਿਹਾ ਹੈ। ਇਸ ਨਾਲ ਹਵਾ ਦਾ ਰੁਖ਼ ਬਦਲ ਗਿਆ ਹੈ। ਪੂਰਬ ਤੋਂ ਬੰਗਾਲ ਦੀ ਖਾੜੀ ਤੋਂ ਆਉਣ ਵਾਲੀ ਹਵਾ ਵਿਚ ਨਮੀ ਵੱਧ ਹੁੰਦੀ ਹੈ। ਇਸ ਵਜ੍ਹਾ ਨਾਲ ਮੁੰਬਈ ਦਾ ਤਾਪਮਾਨ ਵਧਣ ਲੱਗਾ ਹੈ। 23 ਜਨਵਰੀ ਤੋਂ ਬਾਅਦ ਹਵਾ ਵਿਚ ਬਦਲਾਅ ਦਾ ਅਨੁਮਾਨ ਹੈ।
ਪੰਜਾਬ ਵਿਚ ਮੌਸਮ
ਪੰਜਾਬ ਵਿਚ ਬੁੱਧਵਾਰ ਤੋਂ ਆਸਮਾਨ ਵਿਚ ਬੱਦਲਵਾਈ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ, 21 ਜਨਵਰੀ ਨੂੰ ਮੀਂਹ ਦੀ ਸੰਭਾਵਨਾ ਹੈ। ਮੀਂਹ ਤੋਂ ਬਾਅਦ ਹੀ ਠੰਡ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਫਿਲਹਾਲ ਲੋਕਾਂ ਨੂੰ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਵਿਚ ਬੀਤੇ ਕਈ ਦਿਨਾਂ ਤੋਂ ਠੰਡ ਲਗਾਤਾਰ ਬਣੀ ਹੋਈ ਹੈ।
Comment here