ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਭਾਵੇਂ ਕੋਰੋਨਾ ਕਰਕੇ ਰੈਲੀਆਂ ਰੋਡ ਸ਼ੋਅ ‘ਤੇ ਪਾਬੰਦੀਆਂ ਲੱਗੀਆਂ ਹਨ ਪਰ ਫਿਰ ਵੀ ਸਿਆਸੀ ਪਾਰਟੀਆਂ ਆਪਣਾ ਵੋਟ ਬੈਂਕ ਇਕੱਠਾ ਕਰਨ ਲਈ ਕਿਸੇ ਨਾ ਕਿਸੇ ਤਰੀਕੇ ਪ੍ਰਚਾਰ ਕਰਨ ਵੱਲ ਧਿਆਨ ਦੇ ਰਹੀਆਂ ਹਨ। ਇਸੇ ਵਿਚਾਲੇ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ 7 ਪਿੰਡਾਂ ਦੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ ਦੀਨਾਨਗਰ ਦੇ ਮਕੌੜਾ ਪੱਤਣ ਰਾਵੀ ਦਰਿਆ ਤੋਂ ਪਾਰ ਵਸਦੇ 7 ਪਿੰਡਾਂ ਦੇ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਉਹ ਚੋਣਾਂ ਵਿੱਚ ਕਿਸੇ ਸਿਆਸੀ ਪਾਰਟੀ ਨੂੰ ਵੋਟ ਨਹੀਂ ਪਾਉਣਗੇ। ਦਰਅਸਲ ਇਹ ਲੋਕ ਮਕੌੜਾ ਪੱਤਣ ਰਾਵੀ ਦਰਿਆ ‘ਤੇ ਪੱਕਾ ਪੁਲ ਨਾ ਬਣਨ ਕਰਕੇ ਸਰਕਾਰ ਤੋਂ ਨਾਰਾਜ਼ ਹਨ।
ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਕਿ ਮਕੌੜਾ ਪੱਤਣ ਰਾਵੀ ਦਰਿਆ ‘ਤੇ ਪੱਕਾ ਪੁਲ ਨਾ ਬਣਨ ਕਰਕੇ ਲੋਕਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅੱਜ ਪੁਲ ਦੀ ਹਾਲਤ ਖ਼ਸਤਾ ਹੋਣ ਕਾਰਨ ਉਹਨਾਂ ਦੀ ਗੰਨੇ ਦੀ ਫਸਲ ਮਿੱਲਾਂ ਤੱਕ ਨਹੀਂ ਪਹੁੰਚ ਰਹੀ।
ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਹਰ ਇੱਕ ਸਿਆਸੀ ਪਾਰਟੀ ਵੱਲੋਂ ਇਸ ਪੁਲ ਨੂੰ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਅਜੇ ਤੱਕ ਇਸ ਪੁਲ ਨੂੰ ਕਿਸੇ ਨੇ ਨਹੀਂ ਬਣਾਇਆ, ਜਿਸ ਕਰਕੇ ਉਨ੍ਹਾਂ ਨੇ ਮਜਬੂਰੀ ਵੱਸ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
Comment here