ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਖਿਲਾਫ ED ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਮੰਗਲਵਾਰ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ‘ਚ ਮੁੱਖ ਮੰਤਰੀ ਚੰਨੀ ਦੇ ਭਤੀਜੇ ਦੇ ਟਿਕਾਣਿਆਂ ‘ਤੇ ਛਾਪਾ ਮਾਰਿਆ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੀ ਮੀਡੀਆ ਇੰਚਾਰਜ ਅਲਕਾ ਲਾਂਬਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਵੱਖ-ਵੱਖ ਚੈਨਲਾਂ ਉਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰ ਈ. ਡੀ. ਦੇ ਛਾਪੇ ਬਾਰੇ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਰੇਡ ਦੀ ਪੁਸ਼ਟੀ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ-ਜਦੋਂ ਚੋਣਾਂ ਆਉਂਦੀਆਂ ਹਨ, ਉਦੋਂ-ਉਦੋਂ ਭਾਜਪਾ ਆਪਣੀ ਹਾਰ ਦੀ ਬੌਖਲਾਹਟ ਨਾਲ ਆਪਣੀ ਵਿਰੋਧੀ ਪਾਰਟੀਆਂ ਉਤੇ ਈ. ਡੀ., ਸੀ. ਬੀ. ਆਈ. ਤੇ ਆਈ. ਟੀ. ਆਦਿ ਦੀ ਵਰਤੋਂ ਚੁਣਾਵੀ ਹਥਿਆਰ ਬਣਾ ਕੇ ਕਰਦੀ ਰਹੀ ਹੈ।
ਲਾਂਬਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਤਾਮਿਲਨਾਡੂ, ਪੱਛਮੀ ਬੰਗਾਲ ਤੇ ਮਹਾਰਾਸ਼ਟਰ ਵਿਚ ਚੋਣਾਂ ਦੌਰਾਨ ਭਾਜਪਾ ਵੱਲੋਂ ਈ. ਡੀ., ਤੇ ਸੀ. ਬੀ. ਆਈ. ਨੂੰ ਚੁਣਾਵੀ ਹਥਿਆਰ ਬਣਾ ਕੇ ਇਸਤੇਮਾਲ ਕੀਤਾ ਗਿਆ। ਸਾਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਵਿਚ ਵੀ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਜੋ ਈ. ਡੀ. ਦੀ ਰੇਡ ਪਈ ਹੈ, ਉਹ ਭਾਜਪਾ ਦੀ ਸਰਕਾਰ ਦੀ ਹਾਰ ਦੀ ਬੌਖਲਾਹਟ ਹੈ। ਪਹਿਲਾਂ ਵੀ ਚੰਨੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ 111 ਦਿਨਾਂ ਦੌਰਾਨ ਲੋਕਾਂ ਵਿਚ ਵਧਦੀ ਲੋਕਪ੍ਰਿਯਤਾ ਭਾਜਪਾ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ ਤੇ ਉਸ ਵੱਲੋਂ ਗਲਤ ਹੱਥਕੰਡਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਚੋਣਾਂ ਤੋਂ ਸਿਰਫ਼ 2 ਦਿਨ ਪਹਿਲਾਂ DMK ਮੁਖੀ M.K. ਸਟਾਲਿਨ ਦੀ ਧੀ ‘ਤੇ IT ਛਾਪਾ, ਚੋਣਾਂ ਤੋਂ ਇਕ ਮਹੀਨਾ ਪਹਿਲਾਂ ਅਭਿਸ਼ੇਕ ਬੈਨਰਜੀ ‘ਤੇ ਸੀ.ਬੀ.ਆਈ ਦਾ ਛਾਪਾ, ਚੋਣਾਂ ਤੋਂ ਪਹਿਲਾਂ NCP ਮੁਖੀ ਸ਼ਰਦ ਪਵਾਰ ‘ਤੇ ED ਦਾ ਛਾਪਾ, ਇਹ ਸਭ ਕੁਝ ਭਾਜਪਾ ਦੀ ਸਾਜ਼ਿਸ਼ ਦਾ ਹਿੱਸਾ ਹੈ।