ਆਮ ਆਦਮੀ ਪਾਰਟੀ (ਆਪ) ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਭਗਵੰਤ ਮਾਨ ਦੇ ਚਿਹਰੇ ‘ਤੇ ਲੜੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ‘ਆਪ’ ਦੀ ਪੰਜਾਬ ਇਕਾਈ ਦੇ ਮੁਖੀ ਭਗਵੰਤ ਮਾਨ ਨੂੰ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਹੈ।
ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਨਾਲ-ਨਾਲ ਸੰਗਰੂਰ ਲੋਕ ਸਭਾ ਸੀਟ ਤੋਂ ‘ਆਪ’ ਦੇ ਸੰਸਦ ਮੈਂਬਰ ਵੀ ਹਨ। ਆਓ ਜਾਣਦੇ ਹਾਂ ਕੌਣ ਹੈ ਭਗਵੰਤ ਮਾਨ, ਜਿਨ੍ਹਾਂ ਨੂੰ ਆਪ ਐਲਾਨਿਆ ਹੈ ਸੀਐਮ ਚਿਹਰਾ – 48 ਸਾਲਾ ਭਗਵੰਤ ਮਾਨ ਨੇ ਇੱਕ ਕਾਮੇਡੀਅਨ ਵਜੋਂ ਆਪਣੀ ਪਛਾਣ ਬਣਾਈ ਸੀ ਅਤੇ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਬਹੁਤ ਮਸ਼ਹੂਰ ਹੋ ਗਏ ਸਨ। 2012 ਵਿੱਚ, ਭਗਵੰਤ ਮਾਨ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਮਨਪ੍ਰੀਤ ਬਾਦਲ ਦੀ ਪੰਜਾਬ ਪੀਪਲ ਪਾਰਟੀ (ਪੀਪੀਪੀ) ਵਿੱਚ ਸ਼ਾਮਿਲ ਹੋ ਗਏ। 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਸੰਗਰੂਰ ਦੀ ਲਹਿਰਾਗਾਗਾ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ। ਹਾਲਾਂਕਿ ਸਫਲਤਾ ਨਹੀਂ ਮਿਲ ਸਕੀ ਸੀ।
2014 ਵਿੱਚ ਆਪ ਨਾਲ ਜੁੜੇ ਸੀ ਭਗਵੰਤ ਮਾਨ
2014 ਵਿੱਚ, ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸੀ ਅਤੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜੇ ਸੀ। ਭਗਵੰਤ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚੇ ਸਨ। ਖਾਸ ਗੱਲ ਇਹ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ‘ਚ ‘ਆਪ’ ਨੇ ਕੁੱਲ 4 ਸੀਟਾਂ ਜਿੱਤੀਆਂ ਸਨ ਜਿਨ੍ਹਾਂ ‘ਚੋਂ ਇੱਕ ਸੰਗਰੂਰ ਲੋਕ ਸਭਾ ਸੀਟ ਭਗਵੰਤ ਮਾਨ ਨੇ ਜਿੱਤੀ ਸੀ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਨੂੰ ਮਿਲੀ ਸੀ ਸਿਰਫ਼ ਇੱਕ ਸੀਟ
2019 ਦੀਆਂ ਲੋਕ ਸਭਾ ਚੋਣਾਂ ‘ਚ ਭਗਵੰਤ ਮਾਨ ਨੇ ਮੁੜ ਸੰਗਰੂਰ ਲੋਕ ਸਭਾ ਸੀਟ ਤੋਂ 1 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ। ਖਾਸ ਗੱਲ ਇਹ ਸੀ ਕਿ ਜੇਕਰ ਪੂਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਕੋਈ ਇੱਕ ਸੀਟ ਜਿੱਤ ਸਕੀ ਸੀ ਤਾਂ ਉਹ ਸੰਗਰੂਰ ਲੋਕ ਸਭਾ ਸੀਟ ਸੀ ਜੋ ਭਗਵੰਤ ਮਾਨ ਨੇ ਜਿੱਤੀ ਸੀ।
Comment here