v
ਪੰਜਾਬ ਵਿੱਚ ਨਿਰਪੱਖ ਤੇ ਪਾਰਦਰਸ਼ੀ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਨੇ ਸਰਹੱਦੀ ਜ਼ਿਲਿਆਂ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲਗਦੇ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ‘ਚ ਹੋਰ ਤੇਜੀ ਲਿਆਂਦੀ ਹੈ ਤਾਂ ਜੋ ਸੰਵੇਦਨਸ਼ੀਲ ਖੇਤਰਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇ । ਇਸ ਕਾਰਵਾਈ ਵਿੱਚ ਬੀਐਸਐਫ , ਪੀਏਪੀ, ਸੀਆਈਡੀ ਯੂਨਿਟਾਂ, ਵਿਸ਼ੇਸ਼ ਸ਼ਾਖਾ, ਆਬਕਾਰੀ ਅਤੇ ਕਰ ਵਿਭਾਗ ਅਤੇ ਡੌਗ ਸਕੁਐਡ ਦੀ ਮਦਦ ਲਈ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਕਮ ਸਟੇਟ ਪੁਲਿਸ ਨੋਡਲ ਅਫਸਰ (ਐਸ.ਪੀ.ਐਨ.ਓ) ਈਸ਼ਵਰ ਸਿੰਘ ਨੇ ਦੱਸਿਆ ਕਿ ਤਲਾਸ਼ੀ ਅਭਿਆਨ ਚਲਾਉਣ ਤੋਂ ਇਲਾਵਾ, ਪੰਜਾਬ ਪੁਲਿਸ ਵੱਲੋਂ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਨਾਲ ਲੱਗਦੇ ਔਖੀ ਪਹੁੰਚ ਵਾਲੇ ਮੰਡ ਦੇ ਖੇਤਰਾਂ ਨੂੰ ਕਵਰ ਕਰਨ ਲਈ ਹਵਾਈ ਸਰਵੇਖਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਅਭਿਆਨ ਦੌਰਾਨ ਵੱਖ-ਵੱਖ ਥਾਵਾਂ ਜਿਵੇਂ ਕੱਚੀਆਂ ਸੜਕਾਂ (ਪਗਡੰਡੀ), ਟਿਊਬਵੈੱਲ, ਤਾਜ਼ੇ ਪੁੱਟੇ ਗਏ ਖੇਤਰ, ਪਿੰਡਾਂ ਦੇ ਬਾਹਰ ਸਥਿਤ ਡੇਰੇ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

DGP ਪੰਜਾਬ ਨੇ ਸ਼ਨੀਵਾਰ ਨੂੰ ਐਸ.ਪੀ.ਐਨ.ਓ ਦੇ ਨਾਲ ਰਾਜ ਦੇ ਸੀਪੀਜ਼/ਐਸਐਸਪੀਜ, ਨਾਲ ਲੱਗਦੇ ਵੱਖ ਵੱਖ ਰਾਜਾਂ ਦੀ ਪੁਲਿਸ ਅਤੇ ਖੁਫੀਆ ਏਜੰਸੀਆਂ ਨਾਲ ਸੂਬੇ ਵਿੱਚ ਨਸ਼ਿਆਂ ਦੀ ਆਮਦ ਨੂੰ ਰੋਕਣ ਲਈ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਸੀ । ਮੀਟਿੰਗ ਦੌਰਾਨ ਡੀਜੀਪੀ ਨੇ ਰਾਜ ਦੇ ਸਾਰੇ ਸੀਪੀਜ/ਐਸਐਸਪੀਜ਼ ਨੂੰ ਚੋਣਾਂ ਦੇ ਮੱਦੇਨਜ਼ਰ ਨਸ਼ਿਆਂ ਅਤੇ ਲੁੱਟ-ਖੋਹ ਪ੍ਰਤੀ ਜੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਲਈ ਸਪੱਸ਼ਟ ਨਿਰਦੇਸ਼ ਦਿੱਤੇ ਸਨ। ਐਸ.ਪੀ.ਐਨ.ਓ ਈਸ਼ਵਰ ਸਿੰਘ ਨੇ ਕਿਹਾ ਕਿ ਮੀਟਿੰਗ ਰਾਹੀਂ ਪੂਰੀ ਪੁਲਿਸ ਇੱਕਜੁਟ ਹੋ ਗਈ ਹੈ ਅਤੇ ਸੂਬੇ ਵਿੱਚ ਨਾਜਾਇਜ਼ ਸ਼ਰਾਬ ਅਤੇ ਨਸ਼ਿਆਂ ਦੀ ਬਰਾਮਦਗੀ ਦੇ ਨਾਲ ਇਹ ਚੰਗਾ ਤਾਲਮੇਲ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ।
Comment here