ਪੰਜਾਬ ਵਿਧਾਨ ਸਭਾ ਚੋਣਾਂ ਲਈ ਤਰੀਖ ਨੂੰ ਬਦਲ ਦਿੱਤਾ ਹੈ। ਸ੍ਰੀ ਗੁਰੂ ਰਵਿਦਾਸ ਜਯੰਤੀ ਨੂੰ ਦੇਖਦੇ ਹੋਏ ਸੂਬੇ ਵਿਚ ਹੁਣ 14 ਫਰਵਰੀ ਦੀ ਥਾਂ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਅਕਾਲੀ ਦਲ ਨੇ ਸਵਾਗਤ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸੰਗਤ ਦੀ ਭਾਵਨਾ ਨੂੰ ਸਮਝਿਆ, ਇਸ ਲਈ ਉਹ ਚੋਣ ਕਮਿਸ਼ਨ ਦੇ ਧੰਨਵਾਦੀ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਣੇ ਸਾਰੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਚਿਠੀ ਲਿਖ ਕੇ ਤਰੀਖ ਅੱਗੇ ਵਧਾਏ ਜਾਣ ਦੀ ਅਪੀਲ ਕੀਤੀ ਸੀ ਅਤੇ ਅੱਜ ਚੋਣ ਕਮਿਸ਼ਨ ਨੇ ਫੈਸਲੇ ਦਾ ਸਵਾਗਤ ਕਰਦੇ ਹਾਂ। ਨਾਲ ਹੀ ਸੀਨੀਅਰ ਨੇਤਾ ਦਲਜੀਤ ਚੀਮਾ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਸ੍ਰੀ ਰਵਿਦਾਸ ਜੀ ਦੀ ਜਯੰਤੀ ਮੌਕੇ ਸੰਗਤ ਬਨਾਰਸ ਜਾਂਦੀ ਹੈ ਅਤੇ ਹੁਣ ਲੋਕ ਆਰਾਮ ਨਾਲ ਦਰਸ਼ਨ ਵੀ ਕਰ ਸਕਣਗੇ ਤੇ ਨਾਲ ਹੀ ਆਪਣੇ ਵੋਟ ਦੀ ਵਰਤੋਂ ਵੀ ਕਰ ਸਕਣਗੇ।
ਵੋਟਿੰਗ ਦੀ ਤਰੀਕ ਜੋ ਛੇ ਦਿਨ ਵਧਾ ਦਿੱਤੀ ਗਈ ਹੈ, ਉਸ ਮੁਤਾਬਕ ਕੁੱਝ ਹੋਰ ਬਦਲਾਅ ਕੀਤੇ ਜਾਣਗੇ। ਇਸ ਦਾ ਨੋਟੀਫਿਕੇਸ਼ਨ ਵੀ 25 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀ ਪੱਤਰ 1 ਫਰਵਰੀ ਤੱਕ ਭਰੇ ਜਾਣਗੇ। ਉਮੀਦਵਾਰਾਂ ਦੀ ਅੰਤਿਮ ਸੂਚੀ 4 ਫਰਵਰੀ ਨੂੰ ਜਾਰੀ ਕੀਤੀ ਜਾਵੇਗੀ। ਠੀਕ 15 ਦਿਨ ਪ੍ਰਚਾਰ ਲਈ ਮਿਲਣਗੇ। ਫਿਰ 16 ਫਰਵਰੀ ਨੂੰ ਸੰਤ ਗੁਰੂ ਰਵਿਦਾਸ ਜੈਅੰਤੀ ਤੋਂ ਚਾਰ ਦਿਨ ਬਾਅਦ ਯਾਨੀ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਪੰਜਾਬ ਵਿੱਚ ਇੱਕ ਪੜਾਅ ਵਿੱਚ ਵੋਟਾਂ ਪੈਣਗੀਆਂ। ਸੂਬੇ ਦੀਆਂ ਸਾਰੀਆਂ 117 ਸੀਟਾਂ ‘ਤੇ ਹੁਣ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਬਾਕੀ ਸੂਬਿਆਂ ਦੇ ਨਾਲ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
Comment here