ਪੰਜਾਬ ਦੇ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਨੂੰ ਬਦਲ ਦਿੱਤਾ ਗਿਆ ਹੈ।
ਪੰਜਾਬ ਦੇ ਵਿੱਚ ਹੁਣ 14 ਨਹੀਂ ਸਗੋਂ 20 ਫਰਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ। ਚੋਣ ਕਮਿਸ਼ਨ ਨੇ ਆਖਰਕਾਰ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲ ਦਿੱਤੀ ਹੈ। ਸੰਤ ਰਵਿਦਾਸ ਜੈਅੰਤੀ ਕਾਰਨ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਦੀ ਤਰੀਕ ਬਦਲਣ ਦੀ ਮੰਗ ਕੀਤੀ ਗਈ ਸੀ। ਵੋਟਾਂ ਦੀ ਮਿਤੀ ਇੱਕ ਹਫ਼ਤਾ ਅੱਗੇ ਵਧਾਉਣ ਦੀ ਮੰਗ ਕੀਤੀ ਗਈ ਸੀ।
ਦੱਸ ਦੇਈਏ ਕਿ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਇਸ ਮੁੱਦੇ ‘ਤੇ ਅਹਿਮ ਬੈਠਕ ਕੀਤੀ ਸੀ। ਇਸ ਮੀਟਿੰਗ ਵਿੱਚ ਸੀ.ਐਮ ਚਰਨਜੀਤ ਸਿੰਘ ਚੰਨੀ, ਬਸਪਾ, ਬੀਜੇਪੀ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪੱਤਰ ‘ਤੇ ਚਰਚਾ ਕੀਤੀ ਗਈ। ਸਾਰਿਆਂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਗੁਰੂ ਰਵਿਦਾਸ ਜੈਅੰਤੀ ਦੇ ਮੱਦੇਨਜ਼ਰ ਵੋਟਾਂ ਪਾਉਣ ਦੀ ਮਿਤੀ ਵਧਾਉਣ ਦੀ ਮੰਗ ਕੀਤੀ ਸੀ। ਸਾਰੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਵੱਖ-ਵੱਖ ਪੱਤਰ ਲਿਖੇ ਸਨ। ਬਹੁਜਨ ਸਮਾਜ ਪਾਰਟੀ ਨੇ ਵੀ ਇਹ ਮੰਗ ਚੁੱਕੀ ਸੀ।
ਪੱਤਰ ਵਿੱਚ ਲਿਖਿਆ ਗਿਆ ਹੈ ਕਿ 16 ਫਰਵਰੀ ਨੂੰ ਗੁਰੂ ਰਵਿਦਾਸ ਜਯੰਤੀ ਦੇ ਪਵਿੱਤਰ ਤਿਉਹਾਰ ਕਾਰਨ ਸੂਬੇ ਦਾ ਵੱਡਾ ਵਰਗ ਪਹਿਲਾਂ ਹੀ ਵਾਰਾਣਸੀ ਜਾ ਸਕਦਾ ਹੈ। ਅਜਿਹੇ ‘ਚ ਜੇਕਰ ਸੂਬੇ ‘ਚ ਵੋਟਿੰਗ ਹੁੰਦੀ ਹੈ ਤਾਂ ਉਹ ਲੋਕ ਵੋਟ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਣਗੇ। ਵੋਟਿੰਗ ਦੀ ਤਰੀਕ ਜੋ ਛੇ ਦਿਨ ਵਧਾ ਦਿੱਤੀ ਗਈ ਹੈ, ਉਸ ਮੁਤਾਬਕ ਕੁੱਝ ਹੋਰ ਬਦਲਾਅ ਕੀਤੇ ਜਾਣਗੇ। ਇਸ ਦਾ ਨੋਟੀਫਿਕੇਸ਼ਨ ਵੀ 25 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀ ਪੱਤਰ 1 ਫਰਵਰੀ ਤੱਕ ਭਰੇ ਜਾਣਗੇ। ਉਮੀਦਵਾਰਾਂ ਦੀ ਅੰਤਿਮ ਸੂਚੀ 4 ਫਰਵਰੀ ਨੂੰ ਜਾਰੀ ਕੀਤੀ ਜਾਵੇਗੀ। ਠੀਕ ਪੰਦਰਾਂ ਦਿਨ ਪ੍ਰਚਾਰ ਲਈ ਮਿਲਣਗੇ। ਫਿਰ 16 ਫਰਵਰੀ ਨੂੰ ਸੰਤ ਗੁਰੂ ਰਵਿਦਾਸ ਜੈਅੰਤੀ ਤੋਂ ਚਾਰ ਦਿਨ ਬਾਅਦ ਯਾਨੀ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਉੱਤਰ ਪ੍ਰਦੇਸ਼, ਗੋਆ, ਉਤਰਾਖੰਡ ਅਤੇ ਮਨੀਪੁਰ ਦੇ ਨਾਲ-ਨਾਲ ਪੰਜਾਬ ਵਿੱਚ ਵੀ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੰਜਾਬ ਵਿੱਚ ਇੱਕ ਪੜਾਅ ਵਿੱਚ ਵੋਟਾਂ ਪੈਣਗੀਆਂ। ਸੂਬੇ ਦੀਆਂ ਸਾਰੀਆਂ 117 ਸੀਟਾਂ ‘ਤੇ ਹੁਣ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਬਾਕੀ ਸੂਬਿਆਂ ਦੇ ਨਾਲ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ।