ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਹੈ। ਤੇ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਬਹੁਤ ਸਾਰੇ ਵਿਧਾਇਕ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਮੌੜ ਮੰਡੀ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਉਨ੍ਹਾਂ ਦਾ ਪਾਰਟੀ ਖਿਲਾਫ ਗੁੱਸਾ ਫੁੱਟਿਆ ਹੈ। ਉਨ੍ਹਾਂ ਦੀ ਥਾਂ ਉਤੇ ਮੰਜੂ ਬਾਂਸਲ ਨੂੰ ਟਿਕਟ ਦਿੱਤੀ ਗਈ ਹੈ।
ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਜਦੋਂ ਉਨ੍ਹਾਂ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਤਾਂ ਰਾਹੁਲ ਗਾਂਧੀ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਪਾਰਟੀ ਲਈ ਕੰਮ ਕਰੋ, ਤੁਹਾਨੂੰ ਟਿਕਟ ਜ਼ਰੂਰ ਦਿੱਤੀ ਜਾਵੇਗੀ ਤੇ ਬਾਅਦ ਵਿਚ ਇਹ ਕਹਿ ਕੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਕਿ ਇਕ ਹਿੰਦੂ ਨੂੰ ਸੀਟ ਦੇਣੀ ਹੈ। ਇਸ ਲਈ ਸੀਟ ਮੰਜੂ ਬਾਂਸਲ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਰਹੇ ਕਿ ਅਸੀਂ ਟਿਕਟ ਸਿਰਫ ਉਨ੍ਹਾਂ ਨੂੰ ਹੀ ਦੇਵਾਂਗੇ ਜੋ ਜਿੱਤ ਸਕਦੇ ਹਨ ਤੇ ਦੂਜੇ ਈਮਾਨਦਰ ਹੋਣ। ਭ੍ਰਿਸ਼ਟ ਲੋਕਾਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਪਰ ਇਨ੍ਹਾਂ ਸਾਰੀਆਂ ਗੱਲਾਂ ਨੂੰ ਦਰਕਿਨਾਰ ਕਰਦੇ ਹੋਏ ਪਾਰਟੀ ਵੱਲੋਂ ਮੇਰੀ ਟਿਕਟ ਨੂੰ ਕੱਟ ਦਿੱਤਾ ਗਿਆ।
ਕਮਾਲੂ ਨੇ ਕਿਹਾ ਕਿ ਸਰਵੇ ਮੁਤਾਬਕ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਤੇ ਮਜ਼ਬੂਤ ਉਮੀਦਵਾਰ ਨੂੰ ਹੀ ਮੈਦਾਨ ਵਿਚ ਉਤਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਵਿਚ ਉਨ੍ਹਾਂ ਨੂੰ 63000 ਵੋਟਾਂ ਪਈਆਂ ਸਨ ਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੂੰ 22000 ਵੋਟਾਂ ਪਈਆਂ ਸਨ। ਕਾਂਗਰਸ ਦਾ ਆਧਾਰ ਮਜ਼ਬੂਤ ਕਰਾਉਣ ਲਈ ਜਗਦੇਵ ਸਿੰਘ ਕਮਾਲੂ ਨੂੰ ਸੁਨੀਲ ਜਾਖੜ, ਹਰੀਸ਼ ਰਾਵਤ ਦੀ ਅਗਵਾਈ ਕਾਂਗਰਸ ਪਾਰਟੀ ਜੁਆਇਨ ਕਰਵਾਈ ਗਈ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਭਰੋਸਾ ਦਿਵਾਇਆ ਕਿ ਟਿਕਟ ਦਿੱਤੀ ਜਾਵੇਗੀ ਤੇ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। 5-6 ਮਹੀਨੇ ਹਲਕਿਆਂ ਵਿਚ ਕਾਂਗਰਸ ਦਾ ਕੰਮ ਕੀਤਾ ਤੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਪਰ ਇਸ ਦੇ ਬਾਵਜੂਦ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹਲਕੇ ਤੋਂ ਬਾਹਰ ਦੇ ਉਮੀਦਵਾਰਾਂ ਨੂੰ ਉਤਾਰਨਾ ਗਲਤ ਹੈ l