ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਵਿਧਾਨ ਸਭਾ ਚੋਣਾਂ 14 ਫਰਵਰੀ, 2022 ਨੂੰ ਹੋਣੀਆਂ ਹਨ ਤੇ ਨਤੀਜੇ 10 ਮਾਰਚ, 2022 ਨੂੰ ਐਲਾਨੇ ਜਾਣਗੇ। ਇਸੇ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀਕੇ ਭਾਵਰਾ ਨੇ ਸੂਬੇ ਵਿੱਚ ਨਸ਼ਿਆਂ ਦੀ ਆਮਦ ਨੂੰ ਠੱਲ੍ਹ ਪਾਉਣ ਲਈ ਵੱਖ-ਵੱਖ ਰਾਜਾਂ ਦੀ ਪੁਲਿਸ ਅਤੇ ਖੁਫੀਆ ਏਜੰਸੀਆਂ ਦਰਮਿਆਨ ਵਧੇਰੇ ਤਾਲਮੇਲ ਬਣਾਉਣ ਦਾ ਸੱਦਾ ਦਿੱਤਾ ਹੈ।
ਡੀਜੀਪੀ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਸਿ਼ਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੀਤੀ ਉੱਚ ਪੱਧਰੀ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਹ ਮੀਟਿੰਗ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ-ਕਮ-ਰਾਜ ਪੁਲਿਸ ਨੋਡਲ ਅਫਸਰ ਫਾਰ ਇਲੈਕਸ਼ਨਜ਼, ਪੰਜਾਬ ਵੱਲੋਂ ਕਰਵਾਈ ਗਈ ਸੀ। ਏਡੀਜੀਪੀ ਸ਼੍ਰੀ ਆਰਐਨ ਢੋਕੇ ਅਤੇ ਏਡੀਜੀਪੀ ਨਰੇਸ਼ ਅਰੋੜਾ ਵੀ ਮੀਟਿੰਗ ਵਿੱਚ ਮੌਜੂਦ ਸਨ। ਇਸ ਮੀਟਿੰਗ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ), ਸੀਮਾ ਸੁਰੱਖਿਆ ਬਲ (ਬੀਐੱਸਐੱਫ), ਦਿੱਲੀ ਪੁਲਿਸ, ਹਰਿਆਣਾ ਪੁਲਿਸ, ਹਿਮਾਚਲ ਪ੍ਰਦੇਸ਼ ਪੁਲਿਸ, ਰਾਜਸਥਾਨ ਪੁਲਿਸ, ਚੰਡੀਗੜ੍ਹ ਪੁਲਿਸ,ਮੱਧ ਪ੍ਰਦੇਸ਼ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਨੁਮਾਇੰਦਿਆਂ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਅਤੇ ਯੂਟੀ ਚੰਡੀਗੜ੍ਹ ਆਦਿ ਰਾਜਾਂ ਦੇ ਮੁੱਖ ਡਰੱਗ ਕੰਟਰੋਲਰਾਂ ਨੇ ਵੀ ਹਿੱਸਾ ਲਿਆ। ਮੀਟਿੰਗ ਦੌਰਾਨ, ਸਾਰੇ ਗੁਆਂਢੀ ਰਾਜਾਂ ਅਤੇ ਏਜੰਸੀਆਂ ਨੇ ਨੋਡਲ ਅਫਸਰ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਇਹ ਨੋਡਲ ਅਫਸਰ ਨਸ਼ਿਆਂ ਸਬੰਧੀ ਕਿਸੇ ਵੀ ਜਾਣਕਾਰੀ/ਖੁਫੀਆ ਜਾਣਕਾਰੀ ਨੂੰ ਫੌਰੀ ਤੌਰ `ਤੇ ਸਾਂਝਾ ਕਰਨ ਲਈ ਆਪਣੇ ਮੋਬਾਈਲ ਨੰਬਰ ਆਪਸ ਵਿੱਚ ਸਾਂਝੇ ਕਰਨਗੇ ਅਤੇ ਇੱਕ ਵਟਸਐਪ ਗਰੁੱਪ ਵੀ ਬਣਾਉਣਗੇ ਤਾਂ ਜੋ ਨਸਿ਼ਆਂ ਦੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਜਲਦ ਹੀ ਕਾਬੂ ਕੀਤਾ ਜਾ ਸਕੇ।
Comment here